ਜਮਤਾਰਾ (ਝਾਰਖੰਡ), 7 ਅਕਤੂਬਰ
ਝਾਰਖੰਡ ਦੇ ਜਮਤਾਰਾ ਜ਼ਿਲ੍ਹੇ ਵਿੱਚ ਆਪਣੇ ਅੱਠ ਮਹੀਨਿਆਂ ਦੇ ਪੁੱਤ ਨਾਲ ਆਤਮਦਾਹ ਕਰਨ ਵਾਲੀ 25 ਸਾਲਾ ਮਹਿਲਾ ਤੇ ਉਸ ਦੇ ਬੱਚੇ ਦੀ ਮੌਤ ਹੋ ਗਈ ਹੈ। ਪੁਲੀਸ ਅਧਿਕਾਰੀ ਮੁਤਾਬਕ ਆਤਮਦਾਹ ਦੀ ਇਹ ਘਟਨਾ ਮੰਗਲਵਾਰ ਨੂੰ ਨਾਲਾ ਪੁਲੀਸ ਸਟੇਸ਼ਨ ਅਧੀਨ ਆਉਂਦੇ ਸੂਰਿਆਪਾਣੀ ਪਿੰਡ ਵਿੱਚ ਵਾਪਰੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਹਿਲਾ ਦਾ ਬੱਚਾ ਪਿਛਲੇ ਤਿੰਨ ਮਹੀਨਿਆਂ ਤੋਂ ਬਿਮਾਰ ਸੀ, ਜਿਸ ਕਰਕੇ ਉਹ ਪ੍ਰੇਸ਼ਾਨ ਸੀ। ਮਹਿਲਾ ਦੀ ਪਛਾਣ ਵਿਸ਼ਾਖੀ ਮੁਰਮੂ ਵਜੋਂ ਹੋਈ ਹੈ, ਜੋ ਆਪਣੇ ਪੁੱਤ ਵਿਸ਼ਨੂ ਨਾਲ ਪੇਕੇ ਘਰ ਰਹਿ ਰਹੀ ਸੀ। ਉਸ ਦਾ ਪਤੀ ਰਣਜੀਤ ਟੁਡੂ ਕਿਤੇ ਹੋਰ ਕੰਮ ਕਰਦਾ ਹੈ। ਮੁਰਮੂ ਦੇ ਮਾਪਿਆਂ ਮੁਤਾਬਕ ਸਾਰਾ ਪਰਿਵਾਰ ਸੁੱਤਾ ਪਿਆ ਸੀ ਜਦੋਂ ਉਸ ਨੇ ਆਪਣੇ ਅਤੇ ਬੱਚੇ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। -ਪੀਟੀਆਈ