ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਅੱਜ ਤਾਜ਼ੀ ਬਰਫ਼ਬਾਰੀ ਹੋਈ। ਕਈ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਵੀ ਹੋਈ। ਹਾਲਾਂਕਿ ਮੌਸਮ ਜ਼ਿਆਦਾਤਰ ਖ਼ੁਸ਼ਕ ਹੀ ਰਿਹਾ। ਉੱਤਰੀ ਭਾਰਤ ਵਿਚ ਜ਼ਿਆਦਾਤਰ ਸੰਘਣੀ ਧੁੰਦ ਪਈ। ਦਿੱਲੀ ਵਿਚ ਵੀ ਸਵੇਰੇ ਧੁੰਦ ਛਾਈ ਰਹੀ ਤੇ ਆਵਾਜਾਈ ਵਿਚ ਵਿਘਨ ਪਿਆ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਨਮੀ ਵਾਲੀਆਂ ਪੂਰਬੀ ਹਵਾਵਾਂ ਤੇ ਹਵਾ ਹੌਲੀ ਚੱਲਣ ਕਾਰਨ ਸ਼ਹਿਰ ਦੇ ਕਈ ਖੇਤਰਾਂ ਵਿਚ ਧੁੰਦ ਸੰਘਣੀ ਰਹੀ। ਅਗਲੇ 24-36 ਘੰਟਿਆਂ ਦੌਰਾਨ ਮੌਸਮ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਹੈ। ਕਸ਼ਮੀਰ ਵਿਚ ਸ੍ਰੀਨਗਰ-ਲੇਹ ਦੇ ਜ਼ੌਜਿਲਾ ਪਾਸ ’ਤੇ ਵੀ ਭਾਰੀ ਬਰਫ਼ਬਾਰੀ ਹੋਈ ਹੈ। ਮੈਦਾਨੀ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਜੰਮੂ ਵਿਚ ਅਗਲੇ 24-36 ਘੰਟਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। -ਪੀਟੀਆਈ