ਨਵੀਂ ਦਿੱਲੀ: ਜ਼ਿਆਦਾਤਰ ਸੂਬਿਆਂ ਨੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਪਹਿਲਾਂ ਨਾਲੋਂ ਘੱਟ ਸਮੇਂ ਵਿਚ ਲਏ ਜਾਣ ਦਾ ਬਦਲ ਚੁਣਿਆ ਹੈ। ਪ੍ਰਮੁੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਆਪਣੇ ਸਕੂਲਾਂ ਵਿਚ ਹੀ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਕਈਆਂ ਨੇ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਟੀਕਾਕਰਨ ਕੀਤੇ ਜਾਣ ਨੂੰ ਵੀ ਜ਼ਰੂਰੀ ਦੱਸਿਆ ਹੈ। ਸਿੱਖਿਆ ਮੰਤਰਾਲੇ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੱਜ ਤੱਕ ਵਿਸਥਾਰ ਵਿਚ ਆਪੋ-ਆਪਣੇ ਸੁਝਾਅ ਦੇਣ ਲਈ ਕਿਹਾ ਸੀ। ਐਤਵਾਰ ਹੋਈ ਉੱਚ ਪੱਧਰੀ ਬੈਠਕ ਵਿਚ ਦੋ ਤਜਵੀਜ਼ਾਂ ਉਤੇ ਵਿਚਾਰ ਕੀਤਾ ਗਿਆ ਸੀ। ਸੀਬੀਐੱਸਈ ਨੇ ਪ੍ਰੀਖਿਆਵਾਂ 15 ਜੁਲਾਈ ਤੋਂ 26 ਅਗਸਤ ਤੱਕ ਕਰਵਾਉਣ ਦੀ ਤਜਵੀਜ਼ ਰੱਖੀ ਸੀ। ਨਤੀਜਾ ਸਤੰਬਰ ਵਿਚ ਐਲਾਨਣ ਬਾਰੇ ਕਿਹਾ ਗਿਆ ਹੈ। ਬੋਰਡ ਨੇ ਇਹ ਤਜਵੀਜ਼ ਵੀ ਰੱਖੀ ਸੀ ਕਿ 19 ਮੁੱਖ ਵਿਸ਼ਿਆਂ ਲਈ ਪ੍ਰੀਖਿਆ ਨੋਟੀਫਾਈਡ ਕੇਂਦਰਾਂ ਵਿਚ ਕਰਵਾਈ ਜਾ ਸਕਦੀ ਹੈ ਤੇ ਜਾਂ ਫਿਰ ਵਿਦਿਆਰਥੀਆਂ ਦੇ ਆਪਣੇ ਸਕੂਲਾਂ ਵਿਚ ਘੱਟ ਸਮੇਂ ਵਿਚ ਪ੍ਰੀਖਿਆ ਲਈ ਜਾ ਸਕਦੀ ਹੈ। -ਪੀਟੀਆਈ