ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੂਨ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਐਤਵਾਰ ਨੂੰ ਬਲੈਕ ਫੰਗਸ ਅਤੇ ਕੋਵਿਡ ਦੇ ਨਕਲੀ ਟੀਕੇ ਬਣਾਉਣ ਤੇ ਵੇਚਣ ਦੇ ਦੋਸ਼ ਹੇਠ ਦੋ ਡਾਕਟਰਾਂ ਸਣੇ ਦਸ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਦੱਖਣੀ-ਪੂਰਬੀ ਦਿੱਲੀ ਵਿੱਚ ਇੱਕ ਡਾਕਟਰ ਅਲਤਮਸ ਹੁਸੈਨ ਦੇ ਘਰੋਂ ਨਕਲੀ ਟੀਕਿਆਂ ਦੀਆਂ 3,293 ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਜਦੋਂ ਅਪਰਾਧ ਸ਼ਾਖਾ ਨੇ ਨਿਜ਼ਾਮੂਦੀਨ ਪੱਛਮੀ ਖੇਤਰ ਵਿਚ ਮਕਾਨ ‘ਤੇ ਛਾਪਾ ਮਾਰਿਆ ਤਾਂ ਇਹ ਮਾਮਲਾ ਸਾਹਮਣੇ ਆਇਆ। ਅਪਰਾਧ ਸ਼ਾਖਾ ਦੀ ਡੀਸੀਪੀ ਮੋਨਿਕਾ ਭਾਰਦਵਾਜ ਨੇ ਕਿਹਾ ਕਿ ਜ਼ਿਆਦਾਤਰ ਟੀਕੇ ਬਲੈਕ ਫੰਗਸ ਦਾ ਇਲਾਜ ਕਰਨ ਲਈ ਵਰਤੇ ਜਾਣ ਵਾਲੇ ਸਨ ਜਦੋਂਕਿ ਕੁਝ ਰੈਮਡੇਸਿਵਿਰ ਟੀਕੇ ਸਨ। ਇਨ੍ਹਾਂ ਵਿੱਚੋਂ ਕੁਝ ਟੀਕਿਆਂ ਦੀ ਮਿਆਦ ਪੁੱਗ ਚੁੱਕੀ ਸੀ। ਪੁਲੀਸ ਨੇ ਛਾਪਾ ਉਦੋਂ ਮਾਰਿਆ, ਜਦੋਂ ਇਸ ਨੂੰ 7 ਜੂਨ ਨੂੰ ਦਿੱਲੀ ਸਰਕਾਰ ਦੇ ਡਰੱਗ ਕੰਟਰੋਲ ਵਿਭਾਗ ਤੋਂ ਨਕਲੀ ਟੀਕੇ ਲਗਾਉਣ ਦੀ ਸ਼ਿਕਾਇਤ ਮਿਲੀ ਸੀ। ਇਸ ਗਰੋਹ ਨੇ 400 ਤੋਂ ਵੱਧ ਨਕਲੀ ਟੀਕੇ ਵੇਚੇ ਸਨ। ਉਹ ਇੱਕ ਟੀਕੇ ਦੀ ਕੀਮਤ ਦੀ 250 ਦੀ ਥਾਂ 12,000 ਵਸੂਲਦੇ ਸਨ।