ਨਵੀਂ ਦਿੱਲੀ, 7 ਜੂਨ
ਕੇਂਦਰੀ ਸਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ ਅਧੀਨ ਆਉਂਦੇ 820 ਵਿਰਾਸਤੀ ਸਮਾਰਕ 8 ਜੂਨ ਤੋਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਨੇ ਕਿਹਾ ਕਿ ਕਰੀਬ 3000 ਸਥਾਨਾਂ ਵਿਚੋਂ ਸਿਰਫ਼ ਉਨ੍ਹਾਂ ਥਾਵਾਂ ਨੂੰ ਖੋਲ੍ਹਿਆ ਜਾਵੇਗਾ ਜਿੱਥੇ ਧਾਰਮਿਕ ਸਮਾਗਮ ਹੁੰਦੇ ਹਨ ਜਿਵੇਂ ਹੌਜ਼ ਖਾਸ ਐਨਕਲੇਵ ਸਥਿਤ ਨੀਲਾ ਮਸਜਿਦ, ਕੁਤੁਬ ਪੁਰਾਤੱਤਵ ਇਲਾਕਾ ਤੇ ਲਾਲ ਗੁੰਬਦ ਅਤੇ ਹੋਰ। ਜ਼ਿਕਰਯੋਗ ਹੈ ਕਿ ਅਜਿਹੀਆਂ ਕਰੀਬ 3691 ਥਾਵਾਂ 17 ਮਾਰਚ ਤੋਂ ਬੰਦ ਸਨ। ਮੰਤਰੀ ਨੇ ਕਿਹਾ ਕਿ ਸਾਰੀਆਂ ਥਾਵਾਂ ’ਤੇ ਕਰੋਨਾਵਾਇਰਸ ਨਾਲ ਜੁੜੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ, ਮਾਸਕ ਪਹਿਨਣਾ ਲਾਜ਼ਮੀ ਕੀਤਾ ਜਾਵੇਗਾ। ਖੋਲ੍ਹੀਆਂ ਜਾਣ ਵਾਲੀਆਂ ਥਾਵਾਂ ਵਿਚ 114 ਉੱਤਰੀ ਖੇਤਰ, 155 ਕੇਂਦਰੀ ਭਾਰਤ, 120 ਪੱਛਮੀ ਖੇਤਰ ਤੇ 279 ਦੱਖਣੀ ਭਾਰਤ ਵਿਚ ਸਥਿਤ ਹਨ। ਖੋਲ੍ਹੀਆਂ ਜਾਣ ਵਾਲੀਆਂ ਸਭ ਤੋਂ ਵੱਧ ਵਿਰਾਸਤੀ ਥਾਵਾਂ ਵੜੋਦਰਾ (77), ਚੇਨੱਈ (75) ਤੇ ਬੰਗਲੁਰੂ (69) ਵਿਚ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸੈਨੇਟਾਈਜ਼ਰ ਦੀ ਵਰਤੋਂ, ਥਰਮਲ ਸਕਰੀਨਿੰਗ ਵੀ ਲਾਜ਼ਮੀ ਹੋਵੇਗੀ। ਬਿਨਾਂ ਲੱਛਣਾਂ ਵਾਲੇ ਵਿਅਕਤੀਆਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ। ਕਈ ਥਾਵਾਂ ’ਤੇ ਦਾਖ਼ਲੇ ਵੇਲੇ ਜੁੱਤੀਆਂ ਉਤਾਰਨ ਲਈ ਵੀ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫ਼ਾਸਲਾ ਬਰਕਰਾਰ ਰੱਖਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
-ਪੀਟੀਆਈ