ਨਵੀਂ ਦਿੱਲੀ, 1 ਅਗਸਤ
ਦੇਸ਼ ਦੀਆਂ ਵੱਖ-ਵੱਖ ਹਾਈ ਕੋਰਟਾਂ ਵਿੱਚ ਸਾਲ 2019 ਤੋਂ ਹੁਣ ਤੱਕ ਮੌਲਿਕ ਅਧਿਕਾਰਾਂ ਦੀ ਉਲੰਘਣਾ ਸਬੰਧੀ 7800 ਤੋਂ ਵੱਧ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਇਹ ਵੇਰਵੇ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਹਨ। ਕੁੱਝ ਹਾਈ ਕੋਰਟਾਂ ਵਿੱਚ ਅਜਿਹੀਆਂ ਪਟੀਸ਼ਨਾਂ ਦਾ ਵੱਖਰਾ ਰਿਕਾਰਡ ਨਹੀਂ ਰੱਖਿਆ ਗਿਆ, ਜਦੋਂਕਿ ਕੁੱਝ ਹਾਈ ਕੋਰਟ ਕੋਲ ਸਾਲ-ਦਰ-ਸਾਲ ਅੰਕੜਾ ਉਪਲੱਬਧ ਨਹੀਂ ਹੈ।
ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਰਾਜ ਸਭਾ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਮੌਲਿਕ ਅਧਿਕਾਰਾਂ ਦੀ ਉਲੰਘਣਾ ਸਬੰਧੀ ਸੁਪਰੀਮ ਕੋਰਟ ਅਤੇ ਵੱਖ ਵੱਖ ਹਾਈ ਕੋਰਟਾਂ ਵਿੱਚ ਦਾਇਰ ਜਨਹਿੱਤ ਪਟੀਸ਼ਨਾਂ ਦਾ ਵੇਰਵਾ ਦਿੱਤਾ ਸੀ। ਇਹ ਵੇਰਵੇ ਪਿਛਲੇ ਦੋ ਸਾਲਾਂ ਅਤੇ ਅਤੇ ਮੌਜੂਦਾ ਸਾਲ ਦੇ ਹਨ। ਦੇਸ਼ ਦੀਆਂ ਹਾਈ ਕੋਰਟਾਂ ਵਿੱਚ ਸਾਲ 2019 ਤੋਂ ਇਸ ਸਾਲ ਜੁਲਾਈ ਦਰਮਿਆਨ ਮੌਲਿਕ ਅਧਿਕਾਰ ਦੀ ਉਲੰਘਣਾਂ ਦੀਆਂ 7832 ਜਨਹਿੱਤ ਪਟੀਸ਼ਨਾਂ ਪਾਈਆਂ ਗਈਆਂ ਹਨ। -ਪੀਟੀਆਈ