ਨਵੀਂ ਦਿੱਲੀ, 27 ਅਗਸਤ
ਦੇਸ਼ ਦੀਆਂ 400 ਤੋਂ ਵੱਧ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਜਥੇਬੰਦੀਆਂ ਵੱਲੋਂ 5 ਸਤੰਬਰ ਨੂੰ ਦੇਸ਼ ਪੱਧਰੀ ਮੁਹਿੰਮ ਤਹਿਤ ਸਮਾਜ ਦੇ ਦੱਬੇ ਕੁਚਲੇ ਵਰਗ ਅਤੇ ਸਮਾਜਿਕ ਕਾਰਕੁਨਾਂ ਦੇ ਹੱਕ ਆਵਾਜ਼ ਬੁਲੰਦ ਕਰਨਗੀਆਂ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸਮਾਜਿਕ ਕਾਰਕੁਨਾਂ ਨੇ ਦੱਸਿਆ ਕਿ ‘ਹਮ ਅਗਰ ਉੱਠੇ ਨਹੀਂ ਤੋ’ ਮੁਹਿੰਮ ਤਹਿਤ ਗਲੀਆਂ ’ਚ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਇਸ ਦੇ ਨਾਲ ਨਾਲ ਸੋਸ਼ਲ ਮੀਡੀਆ ’ਤੇ ਵੀ ਮੁਹਿੰਮ ਚਲਾਈ ਜਾਵੇਗੀ।
ਸਮਾਜਿਕ ਕਾਰਕੁਨ ਸ਼ਬਨਮ ਹਾਸ਼ਮੀ ਨੇ ਦੱਸਿਆ ਕਿ ਉਨ੍ਹਾਂ ਦੀ ਮੁਹਿੰਮ ਦਾ ਟੀਚਾ ਸਮਾਜ ਦੇ ਹਰ ਵਰਗ ਤੱਕ ਪਹੁੰਚਣ ਦਾ ਹੈ। ਉਨ੍ਹਾਂ ਕਿਹਾ, ‘ਕਰੋਨਾਵਾਇਰਸ ਕਾਰਨ ਅਸੀਂ ਵੱਡੀ ਗਿਣਤੀ ’ਚ ਗਲੀਆਂ ’ਚ ਨਹੀਂ ਆ ਸਕਦੇ ਪਰ ਇਨ੍ਹਾਂ ਮੁੱਦਿਆਂ ’ਤੇ ਬਹੁਤ ਸਾਰੀਆਂ ਵੀਡੀਓ’ਜ਼ ਹਨ ਅਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਲਾਈਵ ਸੈਸ਼ਨ ਚਲਾਏ ਜਾ ਸਕਦੇ ਹਨ। ਪੋਸਟਰਾਂ, ਆਰਟ ਤੇ ਪੇਂਟਿੰਗਾਂ ਦੀ ਮਦਦ ਨਾਲ ਵੀ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ।’ ਮੁਹਿੰਮ ਦੀ ਸਹਾਇਕ ਕਨਵੀਨਰ ਅੰਜਲੀ ਭਾਰਦਵਾਜ ਨੇ ਦਾਅਵਾ ਕੀਤਾ ਕਿ ਦੇਸ਼ ਦੀ ਜਮਹੂਰੀਅਤ ਅਤੇ ਦੇਸ਼ ਦੇ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ’ਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੋਵਿਡ-19 ਸੰਕਟ ਦੌਰਾਨ ਇਸ ਦਾ ਖੁਲਾਸਾ ਵੀ ਹੋਇਆ ਹੈ ਕਿ ਇਹ ਨਿਜ਼ਾਮ ਕਿੰਨਾ ਕੁ ਗਰੀਬਾਂ ਦੇ ਹੱਕ ਹੈ।
ਲੌਕਡਾਊਨ ਦੌਰਾਨ ਕਿਸਾਨ, ਪਰਵਾਸੀ ਮਜ਼ਦੂਰ ਤੇ ਸੈਕਸ ਵਰਕਰਾਂ ਦੇ ਰੁਜ਼ਗਾਰ ਖੁੱਸ ਗਏ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੁਝ ਨਹੀਂ ਕੀਤਾ। ਆਲ ਇੰਡੀਆ ਵਿਮੈੱਨਜ਼ ਪ੍ਰੋਗਰੈਸਿਵ ਐਸੋਸੀਏਸ਼ਨ ਦੀ ਸਕੱਤਰ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਆਵਾਜ਼ ਬੁਲੰਦ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਅੱਗੇ ਆਈਆਂ ਹਨ। -ਪੀਟੀਆਈ