ਨਵੀਂ ਦਿੱਲੀ, 17 ਅਕਤੂਬਰ
ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਈ-ਸ਼੍ਰਮ ਪੋਰਟਲ ’ਤੇ ਹੁਣ ਤੱਕ ਚਾਰ ਕਰੋੜ ਨਾਲੋਂ ਵੱਧ ਕਿਰਤੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਇਹ ਜਾਣਕਾਰੀ ਅੱਜ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵੱਲੋਂ ਦਿੱਤੀ ਗਈ। ਇਹ ਪੋਰਟਲ ਹਾਲੇ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ।
ਕਿਰਤ ਮੰਤਰਾਲੇ ਨੇ ਦੱਸਿਆ ਕਿ ਨਿਰਮਾਣ, ਕੱਪੜਾ, ਮੱਛੀ ਪਾਲਣ, ਰੇਹੜੀ-ਫੜ੍ਹੀ ਵਾਲੇ, ਘਰਾਂ ਵਿੱਚ ਕੰਮ ਕਰਨ ਵਾਲੇ, ਕਿਸਾਨ ਤੇ ਕਿਸਾਨੀ ਆਦਿ ਰੁਜ਼ਗਾਰਾਂ ਨਾਲ ਜੁੜੇ ਲੋਕਾਂ ਨੇ ਇਸ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਰਕਾਰੀ ਪੋਰਟਲ ’ਤੇ ਰਜਿਸਟਰੇਸ਼ਨ ਕਰਵਾ ਕੇ ਪਰਵਾਸੀ ਮਜ਼ਦੂਰਾਂ ਸਣੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਿਰਤੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਇਸ ਪੋਰਟਲ ’ਤੇ ਹੁਣ ਤੱਕ 4.09 ਕਿਰਤੀਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ ਹੈ। ਇਨ੍ਹਾਂ ਵਿੱਚੋਂ 50.02 ਫ਼ੀਸਦ ਔਰਤਾਂ ਅਤੇ 49.98 ਫ਼ੀਸਦ ਪੁਰਸ਼ ਹਨ। ਵਿਭਾਗ ਨੇ ਦੱਸਿਆ ਕਿ ਮੋਬਾਈਲ ਐਪ ਜਾਂ ਵੈੱਬਸਾਈਟ, ਸਾਂਝੇ ਸੇਵਾ ਕੇਂਦਰਾਂ, ਰਾਜ ਸੇਵਾ ਕੇਂਦਰਾਂ, ਕਿਰਤੀ ਸਹਾਇਤਾ ਕੇਂਦਰਾਂ, ਕੁਝ ਚੁਣੇ ਹੋਏ ਡਾਕਘਰਾਂ ਤੇ ਡਿਜੀਟਲ ਸੇਵਾ ਕੇਂਦਰਾਂ ਰਾਹੀਂ ਵੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਉਣ ਵਾਲੇ ਕਿਰਤੀਆਂ ਨੂੰ ਈ-ਸ਼੍ਰਮ ਕਾਰਡ ਦਿੱਤਾ ਜਾਂਦਾ ਹੈ, ਜਿਸ ’ਤੇ ਉਕਤ ਕਿਰਤੀ ਦਾ ਇੱਕ ਖਾਤਾ ਨੰਬਰ ਦਿੱਤਾ ਗਿਆ ਹੁੰਦਾ ਹੈ। ਇਹ ਕਾਰਡ ਦੇਸ਼ ਵਿੱਚ ਕਿਸੇ ਵੀ ਥਾਂ ’ਤੇ ਚਲਾਇਆ ਜਾ ਸਕਦਾ ਹੈ। ਸਰਕਾਰ ਵੱਲੋਂ ਈ-ਸ਼੍ਰਮ ਕਾਰਡ ਦੇ ਲਾਭਪਾਤਰੀ ਦੇ ਕਿਸੇ ਹਾਦਸੇ ਵਿੱਚ ਅੱਖਾਂ ਦੀ ਰੋਸ਼ਨੀ ਗਵਾ ਲੈਣ ਜਾਂ ਮੌਤ ਹੋਣ ’ਤੇ ਕਿਰਤੀ ਦੇ ਨਾਮ ’ਤੇ ਦੋ ਲੱਖ ਰੁਪਏ ਦਿੱਤੇ ਜਾਣਗੇ। -ਪੀਟੀਆਈ