ਗੁਹਾਟੀ, 26 ਜੂਨ
ਅਸਾਮ ਵਿੱਚ ਅੱਜ ਵੀ ਹੜ੍ਹਾਂ ਕਾਰਨ ਸਥਿਤੀ ਗੰਭੀਰ ਬਣੀ ਰਹੀ। ਸੂਬੇ ਦੇ ਤਕਰੀਬਨ 25 ਲੱਖ ਲੋਕ ਹੁਣ ਵੀ ਹੜ੍ਹਾਂ ਦੀ ਲਪੇਟ ਵਿੱਚ ਹਨ ਹਾਲਾਂਕਿ ਕੁਝ ਇਲਾਕਿਆਂ ’ਚ ਨਦੀਆਂ ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ।
ਰਾਜ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਹੜ੍ਹ ਕਾਰਨ ਸਭ ਤੋਂ ਪ੍ਰਭਾਵਿਤ ਕਚਾਰ ਜ਼ਿਲ੍ਹੇ ਦੇ ਸਿਲਚਰ ਦਾ ਦੌਰਾ ਕੀਤਾ ਅਤੇ ਬਰਾਕ ਘਾਟੀ ਸ਼ਹਿਰ ’ਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ (ਏਐੱਸਡੀਐੱਮਏ) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਜ ਦੇ 27 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ 25 ਲੱਖ ਤੋਂ ਵੱਧ ਲੋਕ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ’ਚ 79 ਮਾਲ ਸਰਕਲ ਤੇ 2894 ਪਿੰਡ ਸ਼ਾਮਲ ਹਨ। ਪਿਛਲੇ ਦੋ ਹਫ਼ਤਿਆਂ ਤੋਂ ਹੜ੍ਹ ਤੇ ਢਿੱਗਾਂ ਖਿਸਕਣ ਨਾਲ ਜੂਝ ਰਹੇ ਉੱਤਰ-ਪੂਰਬੀ ਰਾਜ ਦੇ 637 ਰਾਹਤ ਕੈਂਪਾਂ ’ਚ 2.33 ਲੱਖ ਲੋਕਾਂ ਨੇ ਸ਼ਰਨ ਲਈ ਹੋਈ ਹੈ। ਸੂਬੇ ’ਚ ਵੱਖ ਵੱਖ ਥਾਵਾਂ ’ਤੇ 259 ਵੰਡ ਕੇਂਦਰਾਂ ਰਾਹੀਂ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਵੱਖ ਵੱਖ ਏਜੰਸੀਆਂ ਨੇ ਹੁਣ ਤੱਕ 67,237 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। -ਪੀਟੀਆਈ
ਏਆਈਪੀਐੱਸਐੱਨ ਨੇ ਹਾਲਾਤ ’ਤੇ ਚਿੰਤਾ ਪ੍ਰਗਟਾਈ
ਗੁਹਾਟੀ: ਆਲ ਇੰਡੀਆ ਪੀਪਲਜ਼ ਸਾਇੰਸ ਨੈਟਵਰਕ (ਏਆਈਪੀਐੱਸਐੱਨ) ਦੀ ਅਸਾਮ ਕਮੇਟੀ ਨੇ ਅਸਾਮ ਵਿੱਚ ਹੜ੍ਹ ਕਾਰਨ ਬਣੀ ਸਥਿਤੀ ਤੇ ਜ਼ਮੀਨ ਖੁਰਨ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਦੋਵਾਂ ਸਰਕਾਰਾਂ ਨੇ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਹੈ। ਕਮੇਟੀ ਨੇ ਹੜ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਵੱਧ ਤੋਂ ਵੱਧ ਰਾਹਤ ਸਮੱਗਰੀ ਪਹੁੰਚਾਏ ਜਾਣ ਦੀ ਮੰਗ ਕੀਤੀ ਹੈ। ਕਮੇਟੀ ਨੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੈਜ਼ਾ ਤੇ ਮਲੇਰੀਆ ਜਿਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਕਦਮ ਚੁੱਕਣ ਦੀ ਮੰਗ ਵੀ ਕੀਤੀ ਹੈ। -ਪੀਟੀਆਈ