ਨਵੀਂ ਦਿੱਲੀ:
ਮੁੱਖ ਅੰਸ਼
- ਬੇਸਬਰੀ ਨਾਲ ਕਰ ਰਹੇ ਨੇ ਵੀਜ਼ਿਆਂ ਦੀ ਉਡੀਕ
- ਸੰਵੇਦਨਸ਼ੀਲ ਹਾਲਾਤ ’ਚੋਂ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰਨ ਦੀ ਮੰਗ
ਕਾਬੁਲ ਸਥਿਤ ਜਿਸ ਗੁਰਦੁਆਰੇ ਕਰਤੇ ਪਰਵਾਨੇ ’ਚ ਸ਼ਨਿਚਰਵਾਰ ਨੂੰ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ ਸੀ ਉਸ ਵਿੱਚ ਰਹਿੰਦੇ 150 ਤੋਂ ਵੱਧ ਸਿੱਖ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਸੱਤਾ ਸੰਭਾਲੇ ਜਾਣ ਦੇ ਬਾਅਦ ਤੋਂ ਭਾਰਤ ਆਉਣ ਲਈ ਕਾਫੀ ਬੇਸਬਰੀ ਨਾਲ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ। ਇਹ ਜਾਣਕਾਰੀ ਇਸ ਧਾਰਮਿਕ ਸਥਾਨ ਦੇ ਪ੍ਰਧਾਨ ਨੇ ਦਿੱਤੀ। ਗੁਰਦੁਆਰ ਕਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਾਬੁਲ ਤੋਂ ਫੋਨ ’ਤੇ ਗੱਲਬਾਤ ਦੌਰਾਨ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉੱਥੇ ਫਸੇ ਸਿੱਖਾਂ ਤੇ ਹਿੰਦੂਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ 18 ਜੂਨ ਨੂੰ ਕਾਬੁਲ ਦੇ ਗੁਰਦੁਆਰੇ ’ਤੇ ਹੋਏ ਅਤਿਵਾਦੀ ਹਮਲੇ ਮਗਰੋਂ ਭਾਰਤ ਨੇ ਅਫ਼ਗਾਨਿਸਤਾਨ ਵਿੱਚ ਰਹਿੰਦੇ 100 ਤੋਂ ਵੱਧ ਸਿੱਖਾਂ ਤੇ ਹਿੰਦੂਆਂ ਨੂੰ ਪਹਿਲ ਦੇ ਆਧਾਰ ’ਤੇ ਈ-ਵੀਜ਼ਾ ਜਾਰੀ ਕੀਤੇ ਹਨ। ਹਾਲ ਹੀ ਵਿੱਚ ਹੋਏ ਹਮਲੇ ਦੌਰਾਨ ਗੁਰਦੁਆਰੇ ਨੇੜੇ ਕਈ ਧਮਾਕੇ ਹੋਏ ਸਨ, ਜਿਸ ਨੂੰ ਭਾਰਤ ਨੇ ਕਾਇਰਾਨਾ ਹਮਲਾ ਕਰਾਰ ਦਿੱਤਾ। ਗੁਰਨਾਮ ਸਿੰਘ ਨੇ ਕਿਹਾ, ‘‘ਤਾਲਿਬਾਨ ਦੀ ਵਾਪਸੀ ਦੇ ਬਾਅਦ ਤੋਂ ਕਾਬੁਲ ਦੇ ਇਸ ਗੁਰਦੁਆਰੇ ਵਿੱਚ ਰਹਿੰਦੇ 150 ਤੋਂ ਵੱਧ ਅਫ਼ਗਾਨੀ ਸਿੱਖ ਜਲਦੀ ਤੋਂ ਜਲਦੀ ਭਾਰਤ ਆਉਣਾ ਚਾਹੁੰਦੇ ਹਨ। ਉਨ੍ਹਾਂ ਕੋਲ ਵੀ ਪ੍ਰਮਾਣਕ ਭਾਰਤੀ ਵੀਜ਼ੇ ਸਨ ਪਰ ਉਹ ਤਾਲਿਬਾਨ ਦੇ ਸੱਤਾ ਸੰਭਾਲੇ ਜਾਣ ਮਗਰੋਂ ਰੱਦ ਹੋ ਗਏ ਸਨ। ਉਹ ਕਾਬੁਲ ਸਥਿਤ ਆਪਣੀਆਂ ਦੁਕਾਨਾਂ ਵੇਚ ਕੇ ਸਥਾਈ ਤੌਰ ’ਤੇ ਭਾਰਤ ਆਉਣ ਦੇ ਚਾਹਵਾਨ ਹਨ। ਉਹ ਜਾਗ ਕੇ ਰਾਤਾਂ ਗੁਜ਼ਾਰ ਰਹੇ ਹਨ ਅਤ ਗਿਣ-ਗਿਣ ਕੇ ਦਿਨ ਲੰਘਾ ਰਹੇ ਹਨ।’’ ਉਨ੍ਹਾਂ ਕਿਹਾ, ‘‘ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨੇ ਗੁਰਦੁਆਰੇ ਦੀ ਮੁਰੰਮਤ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ ਪਰ ਅਜਿਹੇ ਸਮੇਂ ਵਿੱਚ ਭਾਰਤ ਸਰਕਾਰ ਨੂੰ ਵੀ ਕਦਮ ਉਠਾਉਣਾ ਚਾਹੀਦਾ ਹੈ। ਹਿੰਦੂਆਂ ਤੇ ਸਿੱਖਾਂ ਨੂੰ ਉੱਥੋਂ ਕੱਢਣ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਕਿਰਿਆ ਅਜੇ ਖ਼ਤਮ ਨਹੀਂ ਹੋਈ ਹੈ। ਅਜੇ ਵੀ ਕਈ ਅਜਿਹੇ ਹਨ ਜੋ ਭਾਰਤ ਆਉਣ ਦੇ ਚਾਹਵਾਨ ਹਨ।’’-ਪੀਟੀਆਈ