ਨਵੀਂ ਦਿੱਲੀ, 13 ਮਈ
ਕੇਂਦਰੀ ਮੰਤਰੀ ਜਨਰਲ (ਰਿਟਾਇਰਡ) ਵੀਕੇ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤ ਨੇ ਯੁੱਧ ਨਾਲੋਂ ਵੀ ਵੱਧ ਜਾਨਾਂ ਸੜਕ ਹਾਦਸਿਆਂ ਕਾਰਨ ਗੁਆਈਆਂ ਹਨ। ਉਦਯੋਗਿਕ ਸੰਸਥਾ ਐਸੋਚੈੱਮ ਵੱਲੋਂ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਭ ਤੋਂ ਜ਼ਰੂਰੀ ਮੁੱਦਾ ਹੈ, ਜਿਸ ਨਾਲ ਸਰਕਾਰ ਨੂੰ ਨਜਿੱਠਣ ਦੀ ਲੋੜ ਹੈ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਨੇ ਕਿਹਾ, ‘‘ਹਰ ਸਾਲ ਸੜਕ ਹਾਦਸਿਆਂ ਕਾਰਨ 1.35 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠਦੇ ਹਨ… ਇਹ ਉਹ ਗਿਣਤੀ ਹੈ, ਜਿਨ੍ਹਾਂ ਨੂੰ ਅਸੀਂ ਹਰ ਸਾਲ ਗੁਆਉਂਦੇ ਹਾਂ, ਜੋ ਕਿ ਯੁੱਧ ਲੜਨ ਤੋਂ ਬੁਰੀ ਹੈ।’’ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਸੜਕ ਸੁਰੱਖਿਆ ਨੂੰ ਅਜਿਹੀ ਚੀਜ਼ ਮੰਨਿਆ ਜਾਂਦਾ ਹੈ, ਜੋ ਸਾਲ ਵਿੱਚ ਇੱਕ ਵਾਰ ਆਉਂਦੀ ਹੈ। ਉਨ੍ਹਾਂ ਕਿਹਾ, ‘‘ਸਾਡੇ ਕੋਲ ਸੜਕ ਸੁਰੱਖਿਆ ਹਫ਼ਤਾ ਹੈ, ਜਿਸ ਨੂੰ ਅਸੀਂ ਸੜਕ ਸੁਰੱਖਿਆ ਮਹੀਨੇ ਵਿੱਚ ਤਬਦੀਲ ਕੀਤਾ ਪਰ ਇਸ ਨੂੰ 365 ਦਿਨਾਂ ਵਿੱਚ ਬਦਲਣ ਦੀ ਲੋੜ ਹੈ।’’ ਵੀਕੇ ਸਿੰਘ ਨੇ ਕਿਹਾ, ‘‘ਇਹ ਇੱਕ ਹਫ਼ਤੇ ਜਾਂ ਇੱਕ ਮਹੀਨੇ ਤੱਕ ਸੀਮਿਤ ਨਹੀਂ ਕਿਉਂਕਿ ਬਹੁਤ ਕੁਝ ਦਾਅ ’ਤੇ ਲੱਗਿਆ ਹੋਇਆ ਹੈ।’’ ਹਾਲ ਹੀ ਦੇ ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਾਲ 2020 ਦੌਰਾਨ ਕੁਲ 3,66,138 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 1,31,714 ਲੋਕਾਂ ਦੀ ਜਾਨ ਗਈ। -ਪੀਟੀਆਈ