ਨਵੀਂ ਦਿੱਲੀ, 11 ਅਪਰੈਲ
ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਲੋਕਾਂ ਦੀ ਪਿੰਡਾਂ ਤੋਂ ਸ਼ਹਿਰਾਂ ਵੱਲ ਹਿਜਰਤ ਰੋਕਣ ਲਈ ਦਿਹਾਤੀ ਖੇਤਰਾਂ ਵਿੱਚ ਸਿੱਖਿਆ ਰੁਜ਼ਗਾਰ ਅਤੇ ਮਨੋਰੰਜਨ ਦੇ ਸਾਧਨਾਂ ਦੀ ਲੋੜ ਹੈ। ਵਿਕਾਸ ਦੇ ਟੀਚਿਆਂ ਸਬੰਧੀ ਕਾਫਨਰੰਸ ਦਾ ਉਦਘਾਟਨ ਕਰਦਿਆਂ ਨਾਇਡੂ ਨੇ ਪਾਕਿਸਤਾਨ ਵਿੱਚ ਹੋਈ ਸਿਆਸੀ ਉਥਲ-ਪੁਥਲ ’ਤੇ ਵੀ ਵਿਅੰਗ ਕਸਿਆ।
ਉਨ੍ਹਾਂ ਕਿਹਾ, ‘‘ਬੇਸ਼ੱਕ ਨਾਲ ਲੱਗਦਾ ਦੇਸ਼ ਸਾਡਾ ਗੁਆਂਢੀ ਹੈ, ਪਰ ਉੱਥੇ ਕੋਈ ਲੋਕਤੰਤਰ ਨਹੀਂ ਹੈ। ਸਾਨੂੰ ਨਹੀਂ ਪਤਾ, ਉੱਥੇ ਕੀ ਹੋ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਉਹ ਲੋਕਤੰਤਰ ਬਾਰੇ ਜਾਣਦੇ ਵੀ ਹਨ ਜਾਂ ਨਹੀਂ। ਮੈਂ ਇਸ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਇਹ ਸਚਾਈ ਹੈ ਕਿ ਸਾਡੇ ਦੇਸ਼ ’ਚ ਪੂਰਾ ਲੋਕਤੰਤਰ ਹੈ।’’ ਨਾਇਡੂ ਨੇ ਦਿਹਾਤੀ ਖੇਤਰਾਂ ਵਿੱਚ 2.78 ਲੱਖ ਸਥਾਨਕ ਸੰਸਥਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਾਰ ਵਿੱਚ ਕਿਸੇ ਵੀ ਹੋਰ ਦੇਸ਼ ਵਿੱਚ ਵੱਖ-ਵੱਖ ਪੱਧਰਾਂ ’ਤੇ ਇੰਨੀਆਂ ਲੋਕਤੰਤਰੀ ਸੰਸਥਾਵਾਂ ਨਹੀਂ ਹੋਣਗੀਆਂ।
ਉਪ ਰਾਸ਼ਟਰਪਤੀ ਨੇ ਉਨ੍ਹਾਂ ਲੋਕਾਂ ’ਤੇ ਵੀ ਨਿਸ਼ਾਨਾ ਸੇਧਿਆ ਜੋ ਦਾਅਵਾ ਕਰਦੇ ਹਨ ਕਿ ਔਰਤਾਂ ਨੂੰ ਬਰਾਬਰ ਹੱਕ ਦੇਣਾ ਅਤੇ ਉਨ੍ਹਾਂ ਦਾ ਸ਼ਕਤੀਕਰਨ ਕਰਨਾ ਭਾਰਤੀ ਰਵਾਇਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਡੀਆਂ ਨਦੀਆਂ ਦੇ ਨਾਮ ਵੀ ਔਰਤਾਂ ਨਾਮ ’ਤੇ ਰੱਖੇ ਹੋਏ ਹਨ। -ਪੀਟੀਆਈ