ਮੋਰਬੀ, 2 ਨਵੰਬਰ
ਗੁਜਰਾਤ ਦੇ ਮੋਰਬੀ ਵਿਖੇ ਪੁਲ ਦੀ ਮੁਰੰਮਤ ਕਰਨ ਵਾਲੇ ਠੇਕੇਦਾਰ ਅਜਿਹੇ ਕੰਮ ਕਰਨ ਦੇ ਯੋਗ ਨਹੀਂ ਸਨ। ਇਸ ਗੱਲ ਦਾ ਖੁਲਾਸਾ ਇਸਤਗਾਸਾ ਪੱਖ ਨੇ ਇੱਥੇ ਅਦਾਲਤ ਵਿੱਚ ਕੀਤਾ। ਇਸਤਗਾਸਾ ਪੱਖ ਨੇ ਫੋਰੈਂਸਿਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਬੀਤੇ ਦਿਨ ਅਦਾਲਤ ਨੂੰ ਦੱਸਿਆ ਕਿ ਜਦੋਂ ਪੁਲ ਦੀ ਫਲੋਰਿੰਗ ਨੂੰ ਬਦਲਿਆ ਗਿਆ ਸੀ ਤਾਂ ਇਸ ਦੀ ਕੇਬਲ ਨਹੀਂ ਬਦਲੀ ਗਈ ਅਤੇ ਇਹ ਬਦਲੀ ਗਈ ਫਲੋਰਿੰਗ ਦਾ ਭਾਰ ਨਹੀਂ ਝੱਲ ਸਕਿਆ। ਚੀਫ਼ ਜੁਡੀਸ਼ਲ ਮੈਜਿਸਟਰੇਟ ਐੱਮਜੇ ਖਾਨ ਨੇ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਓਰੇਵਾ ਗਰੁੱਪ ਦੇ ਦੋ ਮੈਨੇਜਰ ਅਤੇ ਪੁਲ ਦੀ ਮੁਰੰਮਤ ਕਰਨ ਵਾਲੇ ਦੋ ਠੇਕੇਦਾਰਾਂ ਨੂੰ ਸ਼ਨਿਚਰਵਾਰ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਅਦਾਲਤ ਨੇ ਸੁਰੱਖਿਆ ਗਾਰਡਾਂ ਅਤੇ ਟਿਕਟ ਬੁਕਿੰਗ ਕਲਰਕਾਂ ਸਮੇਤ ਪੰਜ ਹੋਰ ਗ੍ਰਿਫ਼ਤਾਰ ਵਿਅਕਤੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਕਿਉਂਕਿ ਪੁਲੀਸ ਨੇ ਉਨ੍ਹਾਂ ਦੀ ਹਿਰਾਸਤ ਨਹੀਂ ਮੰਗੀ।