ਮੋਰਬੀ (ਗੁਜਰਾਤ), 31 ਅਕਤੂਬਰ
ਮੁੱਖ ਅੰਸ਼
- ਭਾਜਪਾ ਅਤੇ ਕਾਂਗਰਸ ਨੇ ਗੁਜਰਾਤ ’ਚ ਪ੍ਰੋਗਰਾਮ ਰੱਦ ਕੀਤੇ
- ਪ੍ਰਧਾਨ ਮੰਤਰੀ ਦਾ ਮੋਰਬੀ ਦੌਰਾ ਅੱਜ
- ਘੜੀਆਂ ਬਣਾਉਣ ਵਾਲੀ ਕੰਪਨੀ ਨੂੰ ਮਿਲਿਆ ਸੀ ਪੁਲ ਦੀ ਮੁਰੰਮਤ ਦਾ ਠੇਕਾ
ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਐਤਵਾਰ ਸ਼ਾਮ ਮੱਛੂ ਨਦੀ ’ਤੇ ਬਣਿਆ ਸਦੀ ਪੁਰਾਣਾ ਤਾਰਾਂ ਵਾਲਾ ਪੁਲ ਡਿੱਗਣ ਕਰਕੇ ਮੌਤਾਂ ਦੀ ਗਿਣਤੀ ਵਧ ਕੇ 141 ਹੋ ਗਈ ਹੈ। ਮ੍ਰਿਤਕਾਂ ਦਾ ਅੰਕੜਾ ਅਜੇ ਵਧਣ ਦੇ ਆਸਾਰ ਹਨ, ਕਿਉਂਕਿ ਗੋਤਾਖੋਰਾਂ ਦੀ ਮਦਦ ਨਾਲ ਨਦੀ ’ਚੋਂ ਲਾਸ਼ਾਂ ਲੱਭਣ ਦਾ ਕੰਮ ਅਜੇ ਵੀ ਜਾਰੀ ਹੈ ਜਦੋਂਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਧਾਰਾ 304 ਅਤੇ 308 ਤਹਿਤ ਕੇਸ ਦਰਜ ਕਰਦਿਆਂ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਘੜੀਆਂ ਅਤੇ ਈ-ਬਾਈਕ ਬਣਾਉਣ ਵਾਲੀ ਕੰਪਨੀ ਓਰੇਵਾ ਗਰੁੱਪ ਨੂੰ ਪੁਲ ਦੀ ਮੁਰੰਮਤ ਅਤੇ ਉਸ ਦੀ ਦੇਖਭਾਲ ਦਾ ਠੇਕਾ ਦਿੱਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਕੰਪਨੀ ਦੇ ਦੋ ਮੈਨੇਜਰ, ਦੋ ਠੇਕੇਦਾਰ, ਦੋ ਟਿਕਟ ਕੁਲੈਕਟਰ ਅਤੇ ਤਿੰਨ ਸਰੱਖਿਆ ਗਾਰਡ ਸ਼ਾਮਲ ਹਨ। ਪੁਲੀਸ ਨੇ ਕਿਹਾ ਕਿ ਗੁਨਾਹਗਾਰਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।
ਹਾਦਸੇ ਮਗਰੋਂ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਅੱਜ ਕੱਢੇ ਜਾਣ ਵਾਲੇ ਆਪਣੇ ਰੋਡ ਸ਼ੋਅ ਨੂੰ ਰੱਦ ਕਰ ਦਿੱਤਾ ਹੈ। ਸ੍ਰੀ ਮੋਦੀ ਭਲਕੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ। ਉਧਰ ਕਾਂਗਰਸ ਨੇ ਵੀ ਆਗਾਮੀ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਪੰਜ ਜ਼ੋਨਾਂ ਤੋਂ ਕੱਢੀ ਜਾਣ ਵਾਲੀ ਆਪਣੀ ਤਜਵੀਜ਼ਤ ਪਰਿਵਰਤਨ ਸੰਕਲਪ ਯਾਤਰਾ ਮੁਲਤਵੀ ਕਰ ਦਿੱਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਹਾਦਸੇ ’ਤੇ ਅਫ਼ਸੋਸ ਜਤਾਇਆ ਹੈ।
ਸੂਬੇ ਦੇ ਸੂਚਨਾ ਵਿਭਾਗ ਨੇ ਕਿਹਾ ਕਿ ਐੱਨਡੀਆਰਐੱਫ ਦੀਆਂ ਪੰਜ ਟੀਮਾਂ, ਐੱਸਡੀਆਰਐੱਫ ਦੀਆਂ 6 ਪਲਟੂਨਾਂ, ਏਅਰ ਫੋਰਸ ਦੀ ਇਕ ਟੀਮ, ਥਲ ਸੈਨਾ ਤੇ ਜਲ ਸੈਨਾ ਦੀਆਂ ਦੋ ਟੀਮਾਂ ਤੋਂ ਇਲਾਵਾ ਸਥਾਨਕ ਬਚਾਅ ਟੀਮਾਂ ਲੰਘੀ ਰਾਤ ਤੋਂ ਰਾਹਤ ਕਾਰਜਾਂ ਵਿੱਚ ਲੱਗੀਆਂ ਹਨ। ਸਦੀ ਪੁਰਾਣਾ ਪੁਲ ਐਤਵਾਰ ਸ਼ਾਮੀਂ ਸਾਢੇ ਛੇ ਵਜੇ ਦੇ ਕਰੀਬ ਡਿੱਗ ਗਿਆ ਸੀ। ਹਾਦਸੇ ਮੌਕੇ ਇਸ ’ਤੇ 400 ਤੋਂ ਵੱਧ ਲੋਕ ਮੌਜੂਦ ਸਨ, ਜਦੋਂਕਿ ਇਸ ਦੀ ਭਾਰ ਝੱਲਣ ਦੀ ਸਮਰੱਥਾ 100 ਤੋਂ 150 ਲੋਕਾਂ ਦੀ ਸੀ। ਪੁਲ ਨੂੰ ਮੁਰੰਮਤ ਲਈ ਸੱਤ ਮਹੀਨੇ ਬੰਦ ਰੱਖਣ ਮਗਰੋਂ ਚਾਰ ਦਿਨ ਪਹਿਲਾਂ 26 ਅਕਤੂਬਰ ਨੂੰ ਗੁਜਰਾਤੀ ਨਵੇਂ ਸਾਲ ਮੌਕੇ ਲੋਕਾਂ ਲਈ ਖੋਲ੍ਹਿਆ ਗਿਆ ਸੀ। ਹਾਲਾਂਕਿ ਸਥਾਨਕ ਮਿਉਂਸਿਪੈਲਿਟੀ ਨੇ ਮੁਰੰਮਤ ਦੇ ਕੰਮ ਲਈ ਕੋਈ ਫਿਟਨੈੱਸ ਸਰਟੀਫਿਕੇਟ ਜਾਰੀ ਨਹੀਂ ਕੀਤਾ ਸੀ। ਸੂਬਾ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਸਿਟ ਕਾਇਮ ਕੀਤੀ ਹੈ। ‘ਸਿਟ’ ਦੀ ਅਗਵਾਈ ਮਿਉਂਸਪੈਲਿਟੀਜ਼ ਕਮਿਸ਼ਨਰ ਰਾਜਕੁਮਾਰ ਬੇਨੀਵਾਲ ਕਰਨਗੇ। ਹੋਰ ਮੈਬਰਾਂ ਵਿੱਚ ਸੰਦੀਪ ਵਸਾਵਾ (ਸਕੱਤਰ, ਸੜਕ ਤੇ ਇਮਾਰਤ ਵਿਭਾਗ), ਆਈਜੀ ਸੁਭਾਸ਼ ਤ੍ਰਿਵੇਦੀ ਅਤੇ ਦੋ ਇੰਜਨੀਅਰ ਸ਼ਾਮਲ ਹੋਣਗੇ। -ਪੀਟੀਆਈ
ਪੂਤਿਨ ਅਤੇ ਦਿਓਬਾ ਨੇ ਹਾਦਸੇ ’ਤੇ ਦੁੱਖ ਜਤਾਇਆ
ਮਾਸਕੋ/ਕਾਠਮੰਡੂ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਨੇ ਗੁਜਰਾਤ ਦੇ ਮੋਰਬੀ ਸ਼ਹਿਰ ’ਚ ਵਾਪਰੇ ਪੁਲ ਹਾਦਸੇ ’ਚ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਸੁਨੇਹੇ ’ਚ ਪੂਤਿਨ ਨੇ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਸਾਰੇ ਜ਼ਖ਼ਮੀਆਂ ਦੇ ਫੌਰੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਉਧਰ ਟਵਿੱਟਰ ’ਤੇ ਨੇਪਾਲ ਦੇ ਪ੍ਰਧਾਨ ਮੰਤਰੀ ਦਿਓਬਾ ਨੇ ਹਾਦਸੇ ’ਤੇ ਅਫ਼ਸੋਸ ਜਤਾਉਂਦਿਆਂ ਕੀਮਤੀ ਜਾਨਾਂ ਜਾਣ ’ਤੇ ਭਾਰਤ ਸਰਕਾਰ ਅਤੇ ਮੁਲਕ ਦੇ ਲੋਕਾਂ ਨਾਲ ਹਮਦਰਦੀ ਜਤਾਈ ਹੈ। -ਪੀਟੀਆਈ
ਭਾਜਪਾ ਸੰਸਦ ਮੈਂਬਰ ਦੇ 12 ਰਿਸ਼ਤੇਦਾਰ ਮਾਰੇ ਗਏ
ਮੋਰਬੀ: ਰਾਜਕੋਟ ਤੋਂ ਲੋਕ ਸਭਾ ਮੈਂਬਰ ਮੋਹਨ ਕੁੰਦਰੀਆ ਨੇ ਕਿਹਾ ਕਿ ਪੁਲ ਡਿੱਗਣ ਦੀ ਘਟਨਾ ’ਚ ਉਨ੍ਹਾਂ ਦੇ 12 ਰਿਸ਼ਤੇਦਾਰ ਵੀ ਮਾਰੇ ਗਏ ਹਨ। ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਰਿਸ਼ਤੇਦਾਰ ਐਤਵਾਰ ਨੂੰ ਪਿਕਨਿਕ ਮਨਾਉਣ ਲਈ ਗਏ ਸਨ ਅਤੇ ਹਾਦਸਾ ਵਾਪਰਨ ਕਾਰਨ ਉਹ ਜਾਨ ਗੁਆ ਬੈਠੇ। ਮ੍ਰਿਤਕਾਂ ’ਚ ਉਨ੍ਹਾਂ ਦੇ ਵੱਡੇ ਭਰਾ ਦੇ ਪਰਿਵਾਰ ਦੇ ਪੰਜ ਬੱਚੇ, ਚਾਰ ਮਹਿਲਾਵਾਂ ਅਤੇ ਤਿੰਨ ਪੁਰਸ਼ ਸ਼ਾਮਲ ਸਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ। -ਪੀਟੀਆਈ
ਪੁਲ ਖੋਲ੍ਹਣ ਲਈ ਨਹੀਂ ਮਿਲਿਆ ਸੀ ਫਿਟਨੈੱਸ ਸਰਟੀਫਿਕੇਟ
ਮੋਰਬੀ: ਮੱਛੂ ਦਰਿਆ ’ਤੇ ਬਣੇ ਪੁਲ ਨੂੰ ਖੋਲ੍ਹਣ ਤੋਂ ਪਹਿਲਾਂ ਮਿਊਂਸਿਪੈਲਿਟੀ ਤੋਂ ਫਿਟਨੈੱਸ ਸਰਟੀਫਿਕੇਟ ਨਹੀਂ ਮਿਲਿਆ ਸੀ। ਮੋਰਬੀ ਨਗਰ ਪਾਲਿਕਾ ਦੇ ਮੁੱਖ ਅਧਿਕਾਰੀ ਸੰਦੀਪ ਸਿੰਹ ਝਾਲਾ ਨੇ ਕਿਹਾ,‘‘ਆਵਾਜਾਈ ਦੇ ਪ੍ਰਬੰਧ ਅਤੇ ਉਸ ਦੀ ਸਾਂਭ-ਸੰਭਾਲ ਲਈ ਪੁਲ 15 ਸਾਲਾਂ ਲਈ ਓਰੇਵਾ ਕੰਪਨੀ ਨੂੰ ਦਿੱਤਾ ਗਿਆ ਸੀ। ਇਸ ਸਾਲ ਮਾਰਚ ’ਚ ਪੁਲ ਮੁਰੰਮਤ ਲਈ ਲੋਕਾਂ ਵਾਸਤੇ ਬੰਦ ਕਰ ਦਿੱਤਾ ਗਿਆ ਸੀ। ਗੁਜਰਾਤੀ ਨਵੇਂ ਸਾਲ ’ਤੇ 26 ਅਕਤੂਬਰ ਨੂੰ ਇਹ ਮੁਰੰਮਤ ਬਾਅਦ ਮੁੜ ਤੋਂ ਖੋਲ੍ਹ ਦਿੱਤਾ ਗਿਆ ਸੀ।’’ ਉਨ੍ਹਾਂ ਕਿਹਾ ਕਿ ਮੁਰੰਮਤ ਦੇ ਕੰਮ ਦੀ ਜਾਂਚ ਸਬੰਧੀ ਫਿਟਨੈੱਸ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਸੀ। ਇਹ ਪੁਲ ਸਰ ਵਾਘਜੀ ਠਾਕੋਰ ਵੱਲੋਂ ਉਸਾਰਿਆ ਗਿਆ ਸੀ ਤਾਂ ਜੋ ਦਰਬਾਰਗੜ੍ਹ ਪੈਲੇਸ ਅਤੇ ਨਜ਼ਰਬਾਗ ਪੈਲੇਸ ਨੂੰ ਇਕ-ਦੂਜੇ ਨਾਲ ਜੋੜਿਆ ਜਾ ਸਕੇ। ਪੁਲ 1.25 ਮੀਟਰ ਚੌੜਾ ਅਤੇ 233 ਮੀਟਰ ਲੰਬਾ ਸੀ। -ਪੀਟੀਆਈ
ਮੋਦੀ ਨੇ ਮੀਟਿੰਗ ਕਰਕੇ ਮੋਰਬੀ ਦੇ ਹਾਲਾਤ ਦੀ ਜਾਣਕਾਰੀ ਲਈ
ਗਾਂਧੀਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਰਾਜ ਭਵਨ ’ਚ ਉੱਚ ਪੱਧਰੀ ਮੀਟਿੰਗ ਕਰਕੇ ਮੋਰਬੀ ’ਚ ਪੁਲ ਡਿੱਗਣ ਤੋਂ ਬਾਅਦ ਦੇ ਹਾਲਾਤ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੂੰ ਉਥੇ ਚਲਾਏ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਹਾਦਸੇ ਨਾਲ ਸਬੰਧਤ ਸਾਰੇ ਪੱਖਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਪ੍ਰਧਾਨ ਮੰਤਰੀ ਨੇ ਪੀੜਤਾਂ ਨੂੰ ਹਰਸੰਭਵ ਸਹਾਇਤਾ ਦੇਣ ’ਤੇ ਜ਼ੋਰ ਦਿੱਤਾ। ਮੀਟਿੰਗ ’ਚ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਗ੍ਰਹਿ ਮੰਤਰੀ ਹਰਸ਼ ਸਾਂਘਵੀ, ਮੁੱਖ ਸਕੱਤਰ, ਡੀਜੀਪੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜਾਂ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। -ਏਐਨਆਈ