ਨਵੀਂ ਦਿੱਲੀ, 13 ਮਈ
ਦੇਸ਼ ਦੀ ਖੇਤੀ ਆਧਾਰਿਤ ਆਰਥਿਕਤਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਦੱਖਣ-ਪੱਛਮੀ ਮੌਨਸੂਨ ਇਸ ਵਾਰ ਆਪਣੇ ਆਮ ਸਮੇਂ ਤੋਂ ਪਹਿਲਾਂ 27 ਮਈ ਨੂੰ ਕੇਰਲਾ ’ਚ ਦਸਤਕ ਦੇ ਸਕਦਾ ਹੈ। ਇਸ ਸਬੰਧੀ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ। ਮੌਨਸੂਨ ਦੇ ਕੇਰਲਾ ਪਹੁੰਚਣ ਦੀ ਆਮ ਤਾਰੀਕ ਪਹਿਲੀ ਜੂਨ ਹੈ। ਮੌਸਮ ਵਿਭਾਗ ਨੇ ਕਿਹਾ, ‘ਇਸ ਸਾਲ ਦੱਖਣ-ਪੱਛਮੀ ਮੌਨਸੂਨ ਸਮੇਂ ਤੋਂ ਪਹਿਲਾਂ ਕੇਰਲਾ ਪਹੁੰਚ ਸਕਦਾ ਹੈ। ਮੌਨਸੂਨ ਦੇ ਨਿਰਧਾਰਤ ਸਮੇਂ ਤੋਂ ਚਾਰ ਦਿਨ ਪਹਿਲਾਂ 27 ਮਈ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ।’ ਮੌਸਮ ਵਿਭਾਗ ਵੱਲੋਂ ਮੌਨਸੂਨ ਦੀ ਅਗੇਤੀ ਆਮਦ ਸਬੰਧੀ ਪੇਸ਼ੀਨਗੋਈ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਉੱਤਰ-ਪੱਛਮੀ ਭਾਰਤ ਭਿਅੰਕਰ ਗਰਮੀ ਦੀ ਮਾਰ ਹੇਠ ਆਇਆ ਹੋਇਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੌਨਸੂਨ ਦੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਤੱਕ 15 ਮਈ ਨੂੰ ਪਹੁੰਚਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ, ‘ਹਾਲਾਤ ਮੌਨਸੂਨ ਦੇ ਤੇਜ਼ੀ ਨਾਲ ਅੱਗੇ ਵਧਣ ਦੇ ਪੱਖ ’ਚ ਬਣੇ ਹੋਏ ਹਨ ਜਿਸ ਕਾਰਨ ਇਹ 15 ਮਈ ਦੇ ਨੇੜੇ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮੀ ਹਿੱਸੇ ਨਾਲ ਟਕਰਾਅ ਸਕਦਾ ਹੈ।’ -ਪੀਟੀਆਈ