ਨਵੀਂ ਦਿੱਲੀ: ਸੰਸਦ ਦੇ 18 ਜੁਲਾਈ ਤੋਂ ਸ਼ੁਰੂ ਹੋ ਰਹੇ ਮੌਨਸੂਨ ਇਜਲਾਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਨੇ ਐਤਵਾਰ (17 ਜੁਲਾਈ) ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਸਦਨ ’ਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਨਾਲ ਸ਼ਨਿਚਰਵਾਰ ਜਦਕਿ ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਐਤਵਾਰ ਸ਼ਾਮ ਨੂੰ ਮੀਟਿੰਗ ਕਰਨਗੇ। ਸੂਤਰਾਂ ਮੁਤਾਬਕ ਸਾਰੀਆਂ ਪਾਰਟੀਆਂ ਦੀ ਐਤਵਾਰ ਸਵੇਰੇ ਹੋਣ ਵਾਲੀ ਰਸਮੀ ਮੀਟਿੰਗ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੱਦੀ ਹੈ ਜਿਸ ’ਚ ਏਜੰਡੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹਾਜ਼ਰ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਮੀਟਿੰਗ ’ਚ ਹਾਜ਼ਰੀ ਭਰਨ ਦੀ ਸੰਭਾਵਨਾ ਹੈ। ਮੌਨਸੂਨ ਇਜਲਾਸ 18 ਜੁਲਾਈ ਤੋਂ ਸ਼ੁਰੂ ਹੋਵੇਗਾ ਜੋ 12 ਅਗਸਤ ਤੱਕ ਚੱਲੇਗਾ। -ਪੀਟੀਆਈ