ਨਵੀਂ ਦਿੱਲੀ, 21 ਜੁਲਾਈ
ਕਾਂਗਰਸ ਦੀ ਅਗਵਾਈ ਵਾਲੀ ਸਾਂਝੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਅੱਜ ਸੰਸਦ ਦੇ ਦੋਹਾਂ ਸਦਨਾਂ ਵਿਚ ਕੰਮ ਰੋਕੂ ਮਤੇ ਪੇਸ਼ ਕੀਤੇ ਗਏ। ਲੋਕ ਸਭਾ ਵਿਚ ਤਿੰਨ ਵਾਰ ਕਾਰਵਾਈ ਰੁਕਣ ਤੋਂ ਬਾਅਦ ਅਖ਼ੀਰ ਸਾਰੇ ਦਿਨ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਜਦਕਿ ਰਾਜ ਸਭਾ ਵਿਚ ਵੀ ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਤੱਕ ਹਾਊਸ ਵਿਚ ਕੋਵਿਡ ਤੋਂ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਚਰਚਾ ਸ਼ੁਰੂ ਨਹੀਂ ਹੋਈ ਉਦੋਂ ਤੱਕ ਹੰਗਾਮਾ ਹੀ ਦੇਖਣ ਨੂੰ ਮਿਲਿਆ।
ਇਸ ਦੌਰਾਨ ਇਕ ਹੋਰ ਨਵਾਂ ਖੁਲਾਸਾ ਹੋਣ ਤੋਂ ਬਾਅਦ ਇਕ ਵਾਰ ਫਿਰ ਸੰਸਦ ਵਿਚ ਹੰਗਾਮੇ ਵਾਲੀ ਸਥਿਤੀ ਬਣ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੁਲਾਈ, 2019 ਵਿਚ ਕਰਨਾਟਕ ’ਚ ਕਾਂਗਰਸ-ਜਨਤਾ ਦਲ (ਐੱਸ) ਦੀ ਸਰਕਾਰ ਕਥਿਤ ਤੌਰ ’ਤੇ ਡੇਗਣ ਲਈ ਤਤਕਾਲੀ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਅਤੇ ਤਤਕਾਲੀ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਅਤੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਦੇ ਨਿੱਜੀ ਸਕੱਤਰਾਂ ਫੋਨ ਨੰਬਰ ਵੀ ਟੈਪ ਕੀਤੇ ਜਾਣ ਵਾਲੇ ਨੰਬਰਾਂ ਦੀ ਸੂਚੀ ਵਿਚ ਸ਼ਾਮਲ ਸਨ। ਇਸ ਸਬੰਧੀ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ, ਪਾਰਟੀ ਦੇ ਕਰਨਾਟਕ ਇਕਾਈ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਸਿਧਾਰਮੱਈਆ ਅਤੇ ਪਾਰਟੀ ਦੇ ਮੀਡੀਆ ਸੈੱਲ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਤੁਰੰਤ ਪ੍ਰਭਾਵ ਤੋਂ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਇਕ ਜਾਂਚ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਲੋਕਾਂ ਦੇ ਭਰੋਸੇ ਦਾ ਕਤਲ ਕੀਤਾ ਹੈ। ਖੱਬੀਆਂ ਪਾਰਟੀਆਂ ਨੇ ਇਕ ਸਾਂਝੀ ਸੰਸਦੀ ਕਮੇਟੀ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਸੰਸਦ ਵਿਚ ਕਾਂਗਰਸ, ਨੈਸ਼ਨਲਿਸਟ ਕਾਂਗਰਸ ਪਾਰਟੀ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਖੱਬੀਆਂ ਪਾਰਟੀਆਂ, ਆਰਜੇਡੀ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਨੇ ਜ਼ਿੰਮੇਵਾਰੀ ਤੈਅ ਕਰਨ ਅਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਲੋਕ ਸਭਾ ਵਿਚ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਤ੍ਰਿਣਮੂਲ ਕਾਂਗਰਸ ਦੇ ਐੱਪੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਫੋਨ ਨੰਬਰ ਸੰਭਾਵੀ ਜਾਸੂਸੀ ਦੇ ਨਿਸ਼ਾਨੇ ’ਚ ਸ਼ਾਮਲ ਹੋਣ ਸਬੰਧੀ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਇਸ ਬਾਰੇ ਜਵਾਬ ਦੇਣ ਦੀ ਮੰਗ ਕਰਦੇ ਪੋਸਟਰ ਲਹਿਰਾਉਂਦੇ ਨਜ਼ਰ ਆਏ। ਲੋਕ ਸਭਾ ਦੇ ਸਪੀਕਰ ਵਾਰ-ਵਾਰ ਸੰਸਦ ਮੈਂਬਰਾਂ ਨੂੰ ਆਪੋ-ਆਪਣੀਆਂ ਸੀਟਾਂ ’ਤੇ ਜਾਣ ਦੀ ਅਪੀਲ ਕਰਦੇ ਰਹੇ।
ਸਭ ਤੋਂ ਪਹਿਲਾਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪੰਜ ਮਿੰਟ ਬਾਅਦ ਹੀ ਰੋਕਣੀ ਪਈ ਅਤੇ ਆਖ਼ਰੀ ਵਾਰ ਬਾਅਦ ਦੁਪਹਿਰ 3 ਵਜੇ ਰੋਕਣੀ ਪਈ। ਹਾਲਾਂਕਿ, ਸਰਕਾਰ ਅੱਜ ਵੀ ਇਹੀ ਕਹਿੰਦੀ ਰਹੀ ਕਿ ਇਹ ਦੋਸ਼ ‘ਭਾਰਤ ਦੇ ਲੋਕਤੰਤਰ ਨੂੰ ਬਦਨਾਮ ਕਰਨ ਅਤੇ ਸੰਸਦ ਦੀ ਕਾਰਵਾਈ ਵਿਚ ਵਿਘਨ ਪਾਉਣ ਦੀ ਸਾਜ਼ਿਸ਼’ ਹੈ। -ਪੀਟੀਆਈ