ਨਵੀਂ ਦਿੱਲੀ: ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮੌਨਸੂਨ ਉੱਤਰੀ ਭਾਰਤ ’ਚੋਂ ਅਗਲੇ ਦੋ ਦਿਨਾਂ ਦੌਰਾਨ ਪਿੱਛੇ ਹਟ ਜਾਵੇਗੀ। ਵੇਰਵਿਆਂ ਮੁਤਾਬਕ ਮੀਂਹ ਦੀ ਰੁੱਤ ਔਸਤ ਨਾਲੋਂ ਵੱਧ ਦਰ ਉਤੇ ਖ਼ਤਮ ਹੋਵੇਗੀ। ਅੰਕੜਿਆਂ ਮੁਤਾਬਕ ਮੁਲਕ ਵਿਚ 26 ਸਤੰਬਰ ਤੱਕ ਆਮ ਨਾਲੋਂ 9 ਫ਼ੀਸਦ ਵੱਧ ਮੀਂਹ ਪਿਆ ਹੈ। ਵਿਭਾਗ ਮੁਤਾਬਕ ਪੱਛਮੀ ਰਾਜਸਥਾਨ ਵਿਚੋਂ ਮੌਨਸੂਨ ਦੇ ਹਟਣ ਦੀਆਂ ਸਥਿਤੀਆਂ ਬਣ ਰਹੀ ਹੈ। ਨਾਲ ਲੱਗਦੇ ਇਲਾਕਿਆਂ ਵਿਚੋਂ ਵੀ ਇਹ 28 ਸਤੰਬਰ ਨੂੰ ਪਿੱਛੇ ਹਟ ਜਾਵੇਗੀ। ਪ੍ਰਾਈਵੇਟ ਫਰਮ ‘ਸਕਾਈਮੈੱਟ ਵੈਦਰ’ ਮੁਤਾਬਕ ਮੀਂਹ ਹੁਣ ਘੱਟ ਪੈ ਰਿਹਾ ਹੈ। ਭਲਕ ਤੋਂ ਮੌਨਸੂਨ ਖ਼ਤਮ ਹੋਣੀ ਸ਼ੁਰੂ ਹੋ ਸਕਦੀ ਹੈ। ਲੰਮੇ ਸਮੇਂ ਦੀ ਔਸਤ (ਐਲਪੀਏ) ਤਹਿਤ 96-104 ਪ੍ਰਤੀਸ਼ਤ ਦੀ ਸੀਮਾ ਵਿਚ ਪਏ ਮੀਂਹ ਨੂੰ ‘ਆਮ’ ਕਿਹਾ ਜਾਂਦਾ ਹੈ। ਜੇਕਰ ਇਹ ਸੀਮਾ 104-110 ਪ੍ਰਤੀਸ਼ਤ ਵਿਚ ਆ ਜਾਵੇ ਤਾਂ ਐਲਪੀਏ ‘ਆਮ ਨਾਲੋਂ ਵੱਧ’ ਗਿਣਿਆ ਜਾਂਦਾ ਹੈ। ਨੌਂ ਰਾਜਾਂ ਵਿਚ ਜ਼ਿਆਦਾ ਮੀਂਹ ਪਿਆ ਹੈ ਜਦਕਿ 20 ਰਾਜਾਂ ਵਿਚ ਆਮ ਵਰਗੀ ਬਾਰਿਸ਼ ਹੋਈ ਹੈ। ਭਾਰਤ ਵਿਚ ਮੀਂਹ ਦੀ ਰੁੱਤ ਆਮ ਤੌਰ ’ਤੇ ਪਹਿਲੀ ਜੂਨ ਤੋਂ 30 ਸਤੰਬਰ ਤੱਕ ਮੰਨੀ ਜਾਂਦੀ ਹੈ। ਮੌਨਸੂਨ ਕੇਰਲਾ ਦੇ ਤੱਟ ’ਤੇ ਪਹਿਲੀ ਜੂਨ ਨੂੰ ਹੀ ਪੁੱਜਿਆ ਸੀ। ਜੂਨ ਵਿਚ 17 ਫ਼ੀਸਦ ਜ਼ਿਆਦਾ ਮੀਂਹ ਪਿਆ ਜਦਕਿ ਜੁਲਾਈ ਵਿਚ ਇਹ 10 ਫ਼ੀਸਦ ਘੱਟ ਗਿਆ। ਹਾਲਾਂਕਿ ਅਗਸਤ ਵਿਚ ਆਮ ਨਾਲੋਂ 27 ਫ਼ੀਸਦ ਵੱਧ ਮੀਂਹ ਪੈ ਗਿਆ। ਉੱਤਰੀ ਭਾਰਤ ਦੇ ਕੁਝ ਹਿੱਸਿਆਂ- ਦਿੱਲੀ, ਹਿਮਾਚਲ, ਜੰਮੂ ਕਸ਼ਮੀਰ ਵਿਚ ਘੱਟ ਮੀਂਹ ਪਿਆ ਹੈ। ਲੱਦਾਖ ਵਿਚ ਵੀ ਕਾਫ਼ੀ ਘੱਟ ਮੀਂਹ ਪਿਆ। -ਪੀਟੀਆਈ