ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੁਲਾਈ
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਦਿੱਲੀ ਵਿੱਚ ਮੌਨਸੂਨ 10 ਜੁਲਾਈ ਨੂੰ ਦਸਤਕ ਦੇਵੇਗਾ ਅਤੇ 19 ਜੂਨ ਤੋਂ ਰੁਕਿਆ ਹੋਇਆ ਮੌਨਸੂਨ ਹੁਣ ਅਗਲੇ 24 ਘੰਟਿਆਂ ਦੌਰਾਨ ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਰਾਜਸਥਾਨ ਵੱਲ ਰੁਖ਼ ਕਰੇਗਾ। ਵਿਭਾਗ ਮੁਤਾਬਕ ਹਾਲਾਤ ਹੁਣ ਮੌਨਸੂਨ ਦੇ ਅੱਗੇ ਵਧਣ ਲਈ ਢੁਕਵੇਂ ਬਣ ਗਏ ਹਨ ਤੇ ਦੱਖਣੀ-ਪੱਛਮੀ ਮੌਨਸੂਨ ਦੇਸ਼ ਦੇ ਬਾਕੀ ਹਿੱਸਿਆਂ ’ਤੇ 11 ਅਤੇ 12 ਜੁਲਾਈ ਤੱਕ ਪੂਰੀ ਤਰ੍ਹਾਂ ਛਾ ਜਾਵੇਗਾ।
ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 3-4 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਵਿੱਚ ਹੇਠਲੇ ਪੱਧਰਾਂ ’ਤੇ ਤੇਜ਼ ਹਵਾਵਾਂ ਦੇ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸਥਿਤੀਆਂ ਦੇ ਅਸਰ ਅਧੀਨ ਅਗਲੇ 5 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ 11 ਤੋਂ 13 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਬਹੁਤੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ 10 ਤੋਂ 13 ਜੁਲਾਈ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ, 11 ਅਤੇ 12 ਜੁਲਾਈ ਨੂੰ ਪੰਜਾਬ ਅਤੇ ਪੱਛਮੀ ਰਾਜਸਥਾਨ ਤੇ ਜਦਕਿ ਪੂਰਬੀ ਉੱਤਰ ਪ੍ਰਦੇਸ਼ ’ਚ 9 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ 11 ਤੋਂ 12 ਜੁਲਾਈ ਨੂੰ, ਉਤਰਾਖੰਡ ਵਿੱਚ 10 ਤੋਂ 12 ਜੁਲਾਈ ਦੇ ਵਿਚਕਾਰ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 11 ਤੋਂ 13 ਜੁਲਾਈ ਦੌਰਾਨ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।