ਨਵੀਂ ਦਿੱਲੀ, 22 ਜੂਨ
ਮੌਸਮ ਵਿਭਾਗ ਅਨੁਸਾਰ ਦਿੱਲੀ ਤੇ ਇਸ ਦੇ ਗੁਆਂਢੀ ਸੂਬਿਆਂ ਰਾਜਸਥਾਨ, ਹਰਿਆਣਾ ਤੇ ਪੰਜਾਬ ਨੂੰ ਮੌਨਸੂਨ ਲਈ ਅਜੇ ਇੱਕ ਹੋਰ ਹਫ਼ਤਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਿਭਾਗ ਨੇ ਇੱਕ ਬਿਆਨ ’ਚ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਰਾਜਸਥਾਨ, ਦਿੱਲੀ, ਹਰਿਆਣਾ ਤੇ ਪੰਜਾਬ ਨੂੰ ਛੱਡ ਕੇ ਦੇਸ਼ ਦੇ ਵਧੇਰੇ ਹਿੱਸਿਆਂ ’ਚ ਪੁੱਜ ਚੁੱਕਾ ਹੈ। ਦੇਸ਼ ਦੇ ਇਨ੍ਹਾਂ ਭਾਗਾਂ ’ਚ ਅਗਲੇ ਸੱਤ ਦਿਨਾਂ ’ਚ ਮੌਨਸੂਨ ਦੇ ਪੁੱਜਣ ਦੀ ਸੰਭਾਵਨਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਮੌਨਸੂਨ ਦੀ ਮੁੱਖ ਵਿਸ਼ੇਸ਼ਤਾ ਪੂਰਬੀ, ਕੇਂਦਰੀ ਤੇ ਉੱਤਰ ਪੱਛਮੀ ਭਾਰਤ ਵਿੱਚ ਇਸ ਦੇ ਆਮ ਨਾਲੋਂ ਪਹਿਲਾਂ ਪੁੱਜਣਾ ਹੈ। ਮੌਸਮ ਵਿਭਾਗ ਦੇ ਖੇਤਰੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਦਿੱਲੀ-ਐੱਨਸੀਆਰ ਵਿੱਚ 26 ਜੂਨ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਮੌਨਸੂਨ ਦੇ ਤੇਜ਼ ਮੀਂਹ ਲਈ ਅਜੇ ਇਸ ਖੇਤਰ ਨੂੰ ਉਡੀਕ ਕਰਨੀ ਪਵੇਗੀ। ਮੌਸਮ ਵਿਭਾਗ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਦਿੱਲੀ ਵਿੱਚ 15 ਜੂਨ ਨੂੰ ਮੌਨਸੂਨ ਪੁੱਜ ਸਕਦਾ ਹੈ, ਜੋ ਆਮ ਨਾਲੋਂ 12 ਦਿਨ ਪਹਿਲਾਂ ਹੈ। ਆਮ ਤੌਰ ’ਤੇ ਦਿੱਲੀ ਵਿੱਚ ਮੌਨਸੂਨ 27 ਜੂਨ ਨੂੰ ਪੁੱਜਦਾ ਹੈ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਹ 8 ਜੁਲਾਈ ਨੂੰ ਪੁੱਜਦਾ ਹੈ। -ਪੀਟੀਆਈ