ਤਿਰੂਵਨੰਤਪੁਰਮ/ਨਵੀਂ ਦਿੱਲੀ, 29 ਮਈ
ਦੱਖਣ-ਪੱਛਮੀ ਮੌਨਸੂਨ ਅੱਜ ਆਪਣੇ ਤੈਅ ਸਮੇਂ ਪਹਿਲੀ ਜੂਨ ਤੋਂ ਪਹਿਲਾਂ ਹੀ ਕੇਰਲਾ ਪਹੁੰਚ ਗਈ ਹੈ। ਇਸ ਤਰ੍ਹਾਂ ਭਾਰਤ ਵਿਚ ਚਾਰ ਮਹੀਨਿਆਂ ਦੀ ਮੌਨਸੂਨ ਰੁੱਤ ਦਾ ਆਗਾਜ਼ ਹੋ ਗਿਆ ਹੈ ਜੋ ਕਿ ਭਾਰਤ ਦੀ ਖੇਤੀਬਾੜੀ ਆਧਾਰਿਤ ਆਰਥਿਕਤਾ ਲਈ ਕਾਫ਼ੀ ਮਹੱਤਵਪੂਰਨ ਹੁੰਦੀ ਹੈ। ਕੇਰਲਾ ਵਿਚ ਸ਼ਨਿਚਰਵਾਰ ਤੋਂ ਬਾਰਿਸ਼ ਹੋ ਰਹੀ ਹੈ ਤੇ 14 ਵਿਚੋਂ 10 ਮੌਸਮ ਦੀ ਨਿਗਰਾਨੀ ਕਰਨ ਵਾਲੇ ਕੇਂਦਰਾਂ ਨੇ 2.5 ਐਮਐਮ ਬਾਰਿਸ਼ ਦਰਜ ਕੀਤੀ ਹੈ। ਇਸ ਨਾਲ ਮੌਨਸੂਨ ਦੇ ਆਉਣ ਦੀ ਪੁਸ਼ਟੀ ਹੋ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਮੌਨਸੂਨ ਕੇਰਲਾ ਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ਉਤੇ ਛਾ ਗਿਆ ਹੈ, ਹਾਲਾਂਕਿ ਬੰਗਾਲ ਦੀ ਖਾੜੀ ਤੇ ਇਹ ਸੁਸਤ ਹੈ ਤੇ ਅੰਡੇਮਾਨ ਟਾਪੂ ’ਤੇ ਛਾਇਆ ਹੋਇਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਕਰਨਾਟਕ, ਗੋਆ ਤੇ ਪੂਰੇ ਉੱਤਰ-ਪੂਰਬ ’ਤੇ ਮੌਨਸੂਨ ਧੀਮੀ ਗਤੀ ਨਾਲ ਅੱਗੇ ਵਧੇਗਾ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਸੀ ਕਿ ਚੱਕਰਵਾਤੀ ਤੂਫ਼ਾਨ ‘ਆਸਨੀ’ ਦੀ ਮਦਦ ਨਾਲ ਮੌਨਸੂਨ 27 ਮਈ ਨੂੰ ਕੇਰਲਾ ਪਹੁੰਚ ਜਾਵੇਗਾ। -ਪੀਟੀਆਈ