ਨਵੀਂ ਦਿੱਲੀ, 4 ਅਗਸਤ
ਦੇਸ਼ ਵਿੱਚ ਮੰਕੀਪੌਕਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਨੇ ਅੱਜ ਇਸ ਬਿਮਾਰੀ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ਾਂ ’ਤੇ ਮੁੜ ਵਿਚਾਰ ਕਰਨ ਵਾਸਤੇ ਸਿਹਤ ਮਾਹਿਰਾਂ ਨਾਲ ਇੱਕ ਮੀਟਿੰਗ ਕੀਤੀ। ਦੇਸ਼ ਵਿੱਚ ਹੁਣ ਤੱਕ ਮੰਕੀਪੌਕਸ ਦੇ ਕੁੱਲ ਨੌਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਮੀਟਿੰਗ ਮੌਜੂਦਾ ਦਿਸ਼ਾ-ਨਿਰਦੇਸ਼ਾਂ ’ਤੇ ਮੁੜ ਵਿਚਾਰਾਂ ਕਰਨ ਲਈ ਕੀਤੀ ਗਈ ਹੈ। ਐਮਰਜੈਂਸੀ ਮੈਡੀਕਲ ਰਿਲੀਜ਼ ਦੇ ਡਾਇਰੈਕਟਰ ਡਾ. ਐੱਲ ਸਵਾਸਤੀਚਰਨ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਸਿਹਤ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਕੇਂਦਰ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇ ਕੋਈ ਵਿਅਕਤੀ ਪਿਛਲੇ 21 ਦਿਨਾਂ ’ਚ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰਦਾ ਹੈ ਅਤੇ ਉਸ ਦੇ ਲਾਲ ਧੱਫੜ, ਬੁਖਾਰ, ਸਿਰ ਦਰਦ, ਸਰੀਰ ਵਿੱਚ ਦਰਦ ਅਤੇ ਬਹੁਤ ਜ਼ਿਆਦਾ ਕਮਜ਼ੋਰੀ ਹੁੰਦੀ ਹੈ ਤਾਂ ਉਸ ਨੂੰ ‘ਸ਼ੱਕੀ ਮਰੀਜ਼’ ਮੰਨਿਆ ਜਾਵੇਗਾ। ਇਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀ ਲਾਗ ਹੈ। -ਪੀਟੀਆਈ