ਨਵੀਂ ਦਿੱਲੀ, 5 ਜੁਲਾਈ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਮਾਜਵਾਦੀ ਪਾਰਟੀ ਆਗੂ ਆਜ਼ਮ ਖ਼ਾਨ ਦੀ ਪਤਨੀ ਤੇ ਪੁੱਤਰ ਨੂੰ ਸੰਮਨ ਭੇਜ ਕੇ ਭ੍ਰਿਸ਼ਟਾਚਾਰ ਕੇਸ ਨਾਲ ਜੁੜੀ ਜਾਂਚ ’ਚ ਪੁੱਛ-ਪੜਤਾਲ ਲਈ ਸੱਦਿਆ ਹੈ। ਖ਼ਾਨ (73) ਰਾਮਪੁਰ ਸੀਟ ਤੋਂ ਸਪਾ ਵਿਧਾਇਕ ਹੈ। ਖ਼ਾਨ ਦੇ ਪੁੱਤਰ ਅਬਦੁੱਲਾ ਆਜ਼ਮ ਖ਼ਾਨ, ਜੋ ਯੂਪੀ ਅਸੈਂਬਲੀ ’ਚ ਸਵਾਰ ਹਲਕੇ ਤੋਂ ਵਿਧਾਇਕ ਹੈ, ਤੇ ਪਤਨੀ ਤਾਜ਼ੀਨ ਫ਼ਾਤਿਮਾ ਨੂੰ ਇਸ ਹਫ਼ਤੇ ਵੱੱਖੋ-ਵੱਖਰੇ ਸਮੇਂ ’ਤੇ ਲਖਨਊ ਸਥਿਤ ਈਡੀ ਦੇ ਖੇਤਰੀ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਆਜ਼ਮ ਖ਼ਾਨ ਖਿਲਾਫ਼ ਪੀਐੱਮਐੱਲਏ ਦੀਆਂ ਫੌਜਦਾਰੀ ਧਾਰਾਵਾਂ ਤਹਿਤ ਦਰਜ ਕੇਸ ’ਚ ਮਾਂ-ਪੁੱਤ ਦੇ ਬਿਆਨ ਕਲਮਬੰਦ ਕਰਨਾ ਚਾਹੁੰਦੀ ਹੈ। ਆਜ਼ਮ ਖ਼ਾਨ ਮੌਜੂਦਾ ਸਮੇਂ ਇਸ ਕੇਸ ’ਚ ਜ਼ਮਾਨਤ ’ਤੇ ਹੈ। ਏਜੰਸੀ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਉਸ ਨੂੰ 27 ਮਹੀਨੇ ਸੀਤਾਪੁਰ ਜੇਲ੍ਹ ’ਚ ਰੱਖਿਆ ਗਿਆ ਸੀ। -ਪੀਟੀਆਈ