ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 6 ਜੂਨ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਹਵਾਲਾ ਲੈਣ-ਦੇਣ ਨੂੰ ਲੈ ਕੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਕਈ ਟਿਕਾਣਿਆਂ ’ਤੇ ਅੱਜ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਇਹ ਛਾਪੇ ਜੈਨ ਦੇ ਦਿੱਲੀ ਵਿਚਲੇ ਰਿਹਾਇਸ਼ੀ ਟਿਕਾਣਿਆਂ ਸਣੇ ਹੋਰ ਥਾਵਾਂ ’ਤੇ ਮਾਰੇ ਗਏ ਹਨ ਅਤੇ ਇਹ ਦਰਜ ਕੇਸ ਦੀ ਜਾਂਚ ਦਾ ਹਿੱਸਾ ਹਨ।
ਈਡੀ ਨੇ ਜੈਨ (57) ਨੂੰ ਪੀਐੱਮਐੱਲਏ ਦੀਆਂ ਫੌਜਦਾਰੀ ਧਾਰਾਵਾਂ ਤਹਿਤ 30 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਹ 9 ਜੂਨ ਤੱਕ ਸੰਘੀ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਹੈ। ਜਾਣਕਾਰੀ ਅਨੁਸਾਰ ਏਜੰਸੀ ਨੂੰ ਜੈਨ ਤੇ ਕੁਝ ਕਥਿਤ ਹਵਾਲਾ ਅਪਰੇਟਰਾਂ ਤੋਂ ਪਿਛਲੇ ਕੁਝ ਦਿਨਾਂ ਵਿੱਚ ਕੀਤੀ ਪੁੱਛ-ਪੜਤਾਲ ਦੌਰਾਨ ਨਵੇਂ ਸਬੂਤ ਮਿਲੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਨਵੀਂ ਜਾਣਕਾਰੀ ਦੀ ਤਫ਼ਸੀਲ ਇਕੱਤਰ ਕਰਨ ਲਈ ਹੀ ਛਾਪੇ ਮਾਰੇ ਗਏ ਹਨ। ਸਤੇਂਦਰ ਜੈਨ ਦਿੱਲੀ ਸਰਕਾਰ ਵਿੱਚ ਮੌਜੂਦਾ ਮੰਤਰੀ ਹਨ, ਪਰ ਉਨ੍ਹਾਂ ਕੋਲ ਕੋਈ ਮਹਿਕਮਾ ਜਾਂ ਮੰਤਰਾਲਾ ਨਹੀਂ ਹੈ। ਜੈਨ ਕੋਲ ਜਿਹੜੇ ਅੱਧੀ ਦਰਜਨ ਤੋਂ ਵੱਧ ਮਹਿਕਮੇ ਸਨ, ਉਹ 2 ਜੂਨ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਤਬਦੀਲ ਕਰ ਦਿੱਤੇ ਗਏ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੈਨ ਦਾ ਬਚਾਅ ਕਰਦਿਆਂ ਉਨ੍ਹਾਂ ਨੂੰ ‘ਸਿਰੇ ਦਾ ਇਮਾਨਦਾਰ ਤੇ ਦੇਸ਼ਭਗਤ’ ਦੱਸਿਆ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਜੈਨ ਨੂੰ ‘ਝੂਠੇ ਕੇਸ ਵਿੱਚ ਫਸਾਇਆ’ ਗਿਆ ਹੈ ਤੇ ਉਨ੍ਹਾਂ ਆਸ ਜਤਾਈ ਕਿ ਮੰਤਰੀ ਈਡੀ ਦੀ ਜਾਂਚ ਵਿੱਚ ਪਾਕ ਸਾਫ਼ ਹੋ ਕੇ ਨਿਕਲੇਗਾ। ਇਸ ਤੋਂ ਪਹਿਲਾਂ ਅਪਰੈਲ ਵਿੱਚ ਈਡੀ ਨੇ ਜੈਨ ਦੇ ਪਰਿਵਾਰ ਤੇ ਕੰਪਨੀਆਂ ਦੇ 4.81 ਕਰੋੜ ਰੁਪਏ ਦੇ ਅਸਾਸਿਆਂ ਨੂੰ ਕੇਸ ਨਾਲ ਜੋੜ ਦਿੱਤਾ ਸੀ।