ਮੁੰਬਈ, 24 ਫਰਵਰੀ
ਇੱਥੇ ਅੱਜ ਪੀਐੱਮਐੱਲਏ ਦੀ ਇਕ ਵਿਸ਼ੇਸ਼ ਅਦਾਲਤ ਨੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ ਦਾਊਦ ਇਬਰਾਹਿਮ ਅਤੇ ਉਸ ਦੇ ਸਹਿਯੋਗੀਆਂ ਦੀਆਂ ਗਤੀਵਿਧੀਆਂ ਨਾਲ ਜੁੜੀ ਕਾਲੇ ਧਨ ਨੂੰ ਸਫ਼ੈਦ ਕਰਨ ਨਾਲ ਸਬੰਧਤ ਇਕ ਜਾਂਚ ਦੇ ਸਿਲਸਿਲੇ ਵਿਚ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਅੰਡਰਵਰਲਡ ਨਾਲ ਸਬੰਧਤ ਸੰਪਤੀ ਅਤੇ ਹਵਾਲਾ ਸੌਦਿਆਂ ਵਿਚ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸ਼ੁੱਕਰਵਾਰ ਨੂੰ ਕਾਸਕਰ ਨੂੰ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ’ਚੋਂ ਹਿਰਾਸਤ ਵਿਚ ਲੈਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ, ਜਿੱਥੇ ਉਹ ਜਬਰੀ ਵਸੂਲੀ ਦੇ ਕਈ ਮਾਮਲਿਆਂ ਦੇ ਸਿਲਸਿਲੇ ਵਿਚ ਬੰਦ ਸੀ।
ਵੀਰਵਾਰ ਨੂੰ ਕਾਸਕਰ ਨੂੰ ਈਡੀ ਦੀ ਹਿਰਾਸਤ ਪੂਰੀ ਹੋਣ ’ਤੇ ਵਿਸ਼ੇਸ਼ ਜੱਜ ਐੱਮ.ਜੀ. ਦੇਸ਼ਪਾਂਡੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਜਾਂਚ ਏਜੰਸੀ ਵੱਲੋਂ ਅੱਗੇ ਰਿਮਾਂਡ ਦੀ ਮੰਗ ਨਾ ਕੀਤੇ ਜਾਣ ’ਤੇ ਅਦਾਲਤ ਨੇ ਕਾਸਕਰ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। -ਪੀਟੀਆਈ