ਨਵੀਂ ਦਿੱਲੀ, 19 ਜੁਲਾਈ
ਈਡੀ ਨੇ ਅੱਜ ਇੱਥੇ ਦੱਸਿਆ ਕਿ ਉਸ ਨੇ ‘ਸਰਹੱਦ ਪਾਰ ਨਾਲ ਜੁੜੇ ਅਪਰਾਧ’ ਵਿੱਚ ਕਥਿਤ ਸ਼ਮੂਲੀਅਤ ਦੇ ਮਾਮਲੇ ਵਿੱਚ ਛੇ ਬੰਗਲਾਦੇਸ਼ੀਆਂ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੱਛਮੀ ਬੰਗਾਲ ਦੀ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੀ ਸ਼ਿਕਾਇਤ ਸੰਘੀ ਜਾਂਚ ਏਜੰਸੀ ਵੱਲੋਂ 11 ਜੁਲਾਈ ਨੂੰ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਵਿੱਚ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਤਹਿਤ ਕੀਤੀ ਗਈ ਸੀ ਅਤੇ ਅਦਾਲਤ ਨੇ ਚਾਰਜਸ਼ੀਟ ਦਾ ਨੋਟਿਸ ਲਿਆ ਹੈ। ਚਾਰਜਸ਼ੀਟ ਵਿੱਚ ਪ੍ਰਸ਼ਾਂਤ ਕੁਮਾਰ, ਇਮਾਮ ਹੁਸੈਨ, ਅਮਨਾ ਸੁਲਾਤਾਨਾ, ਸਵਪਨ ਮੈਤਰਾ, ਉੱਤਮ ਕੁਮਾਰ ਅਤੇ ਪ੍ਰਨੇਸ਼ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਏਜੰਸੀ ਵੱਲੋਂ ਛਾਪੇ ਮਾਰ ਕੇ ਇਨ੍ਹਾਂ ਨੂੰ 14 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ