ਮੁੰਬਈ, 30 ਜਨਵਰੀ
ਮੁੰਬਈ ਦੀ ਇੱਕ ਅਦਾਲਤ ਨੇ ਸ਼ਨਿਚਰਵਾਰ ਆਈਸੀਆਈਸੀਆਈ ਬੈਂਕ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਚੰਦਾ ਕੋਛੜ ਅਤੇ ਹੋਰ ਮੁਲਜ਼ਮਾਂ ਨੂੰ ਕਾਲਾ ਧਨ ਸਫੈਦ ਕਰਨ ਦਾ ਮਾਮਲੇ ’ਚ 12 ਫਰਵਰੀ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਅਦਾਲਤ ਵੱਲੋਂ ਇਹ ਹੁਕਮ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਦਾਇਰ ਦੋਸ਼ ਪੱਤਰ ਦਾ ਨੋਟਿਸ ਲੈਂਦਿਆਂ ਜਾਰੀ ਕੀਤੇ ਗਏ। ਈਡੀ ਵੱਲੋਂ ਚੰਦਾ ਕੋਛੜ, ਉਨ੍ਹਾਂ ਦੇ ਪਤੀ ਦੀਪਕ ਕੋਛੜ, ਵੀਡੀਓਕੋਨ ਗਰੁੱਪ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਖ਼ਿਲਾਫ਼ ਲੰਘੇ ਵਰ੍ਹੇ ਨਵੰਬਰ ਮਹੀਨੇ ਕਾਲਾ ਧਨ ਸਫ਼ੈਦ ਕਰਨ ਦੇ ਮਾਮਲੇ ’ਚ ਆਪਣਾ ਪਹਿਲਾ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ। ਈਡੀ ਨੇ ਕੋਛੜ ਜੋੜੇ, ਧੂਤ ਅਤੇ ਹੋਰਨਾਂ ਖ਼ਿਲਾਫ਼ ‘ਵੀਡੀਓਕੋਨ ਗਰੁੱਪ’ ਦੀਆਂ ਕੰਪਨੀਆਂ ਨੂੰ 1,875 ਕਰੋੜ ਰੁਪਏ ਦਾ ਕਰਜ਼ਾ ਨਾਜਾਇਜ਼ ਤੌਰ ’ਤੇ ਮਨਜ਼ੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। -ਏਜੰਸੀ