ਨਵੀਂ ਦਿੱਲੀ, 26 ਜੁਲਾਈ
ਮੁੱਖ ਅੰਸ਼
- ਧੀ-ਪੁੱਤ ਤੇ ਸੁਰੱਖਿਆ ਅਮਲੇ ਨਾਲ ਈਡੀ ਦਫਤਰ ਪੁੱਜੀ ਕਾਂਗਰਸ ਪ੍ਰਧਾਨ
- ਪੂਰੇ ਅਮਲ ਦੌਰਾਨ ਪ੍ਰਿਯੰਕਾ ਗਾਂਧੀ ਈਡੀ ਦਫ਼ਤਰ ਵਿੱਚ ਰਹੀ ਮੌਜੂਦ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਅੱਜ ਦੂਜੀ ਵਾਰ ਪੁੱਛ-ਪੜਤਾਲ ਕਰ ਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਸੰਘੀ ਜਾਂਚ ਏਜੰਸੀ ਨੇ ਸੋਨੀਆ ਗਾਂਧੀ ਕੋਲੋਂ 6 ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਸੰਘੀ ਏਜੰਸੀ ਨੇ ਕਾਂਗਰਸ ਪ੍ਰਧਾਨ ਨੂੰ ਭਲਕੇ ਮੁੜ ਪੁੱਛ ਪੜਤਾਲ ਲਈ ਸੱਦ ਲਿਆ ਹੈ।
ਸ੍ਰੀਮਤੀ ਗਾਂਧੀ ਸਵੇਰੇ 11 ਵਜੇ ਦੇ ਕਰੀਬ ਆਪਣੇ ਬੱਚਿਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਜ਼ੈੱਡ ਪਲੱਸ ਹਥਿਆਰਬੰਦ ਸੁਰੱਖਿਆ ਅਮਲੇ ਨਾਲ ਕੇਂਦਰੀ ਦਿੱਲੀ ਵਿਚਲੇ ਈਡੀ ਦਫ਼ਤਰ ਪੁੱਜੇ। ਢਾਈ ਘੰਟੇ ਦੇ ਕਰੀਬ ਸਵਾਲ-ਜਵਾਬ ਕਰਨ ਮਗਰੋਂ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਲਈ ਬਰੇਕ ਦਿੱਤੀ ਗਈ। ਪਿਛਲੀ ਵਾਰ ਵਾਂਗ ਪ੍ਰਿਯੰਕਾ ਗਾਂਧੀ ਜਿੱਥੇ ਈਡੀ ਦਫ਼ਤਰ ਵਿੱਚ ਹੀ ਰੁਕੀ ਰਹੀ, ਉਥੇ ਰਾਹੁਲ ਗਾਂਧੀ ਆਪਣੀ ਮਾਂ ਨੂੰ ਈਡੀ ਦਫ਼ਤਰ ਛੱਡਣ ਤੋਂ ਫੌਰੀ ਮਗਰੋਂ ਵਿਜੈ ਚੌਕ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੁਪਹਿਰ ਦੇ ਖਾਣੇ ਦੀ ਬ੍ਰੇਕ ਲਈ 2 ਵਜੇ ਦੇ ਕਰੀਬ ਈਡੀ ਦਫ਼ਤਰ ਤੋਂ ਚਲੇ ਗਏ ਤੇ ਸਾਢੇ ਤਿੰਨ ਵਜੇ ਵਾਪਸ ਆਏ। ਕਾਂਗਰਸ ਪ੍ਰਧਾਨ ਕੋਲੋਂ ਕੀਤੀ ਪੁੱਛ-ਪੜਤਾਲ ਦੌਰਾਨ ਪ੍ਰਿਯੰਕਾ ਗਾਂਧੀ ਈਡੀ ਦਫ਼ਤਰ ਵਿੱਚ ਵੱਖਰੇ ਕਮਰੇ ਵਿੱਚ ਬੈਠੀ ਰਹੀ ਤਾਂ ਕਿ ਲੋੜ ਪੈਣ ’ਤੇ ਆਪਣੀ ਮਾਂ ਨੂੰ ਦਵਾਈ ਜਾਂ ਹੋਰ ਕੋਈ ਮੈਡੀਕਲ ਸਹਾਇਤਾ ਦੇ ਸਕੇ। ਸੰਮਨਾਂ ਦੀ ਤਸਦੀਕ ਤੇ ਹਾਜ਼ਰੀ ਸ਼ੀਟ ’ਤੇ ਸਹੀ ਪਾਉਣ ਸਮੇਤ ਹੋਰ ਰਸਮੀ ਕਾਰਵਾਈਆਂ ਮੁਕੰਮਲ ਕੀਤੇ ਜਾਣ ਮਗਰੋਂ ਸਵਾ ਗਿਆਰਾਂ ਵਜੇ ਦੇ ਕਰੀਬ ਸੋਨੀਆ ਗਾਂਧੀ ਤੋਂ ਪੁੱਛ-ਪੜਤਾਲ ਤੇ ਉਨ੍ਹਾਂ ਦੇ ਬਿਆਨ ਕਲਮਬੰਦ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਤੋਂ ਪਹਿਲਾਂ 21 ਜੁਲਾਈ ਨੂੰ ਵੀ ਕਾਂਗਰਸ ਪ੍ਰਧਾਨ ਤੋਂ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਵਾਲ-ਜਵਾਬ ਕੀਤੇ ਗਏ ਸਨ। ਉਨ੍ਹਾਂ ਏਜੰਸੀ ਵੱਲੋਂ ਪੁੱਛੇ 28 ਸਵਾਲਾਂ ਦੇ ਜਵਾਬ ਦਿੱਤੇ ਸਨ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਤੋਂ ਅੱਜ ਨੈਸ਼ਨਲ ਹੈਰਾਲਡ ਅਖ਼ਬਾਰ ਦੀ ਕਾਰਜਸ਼ੈਲੀ ਤੇ ਇਸ ਨੂੰ ਚਲਾਉਣ, ਇਸ ਦੇ ਵੱਖ ਵੱਖ ਅਹੁਦੇਦਾਰਾਂ ਦੀ ਭੂਮਿਕਾ, ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਦੀ ਅਖ਼ਬਾਰ ਤੇ ਯੰਗ ਇੰਡੀਅਨ ਕੰਪਨੀ ਨਾਲ ਜੁੜੇ ਮਸਲਿਆਂ ਵਿੱਚ ਸ਼ਮੂਲੀਅਤ ਨੂੰ ਲੈ ਕੇ ਸਵਾਲ ਪੁੱਛੇ ਗਏ। ਸੰਘੀ ਏਜੰਸੀ ਨੇ ਕਾਂਗਰਸ ਪ੍ਰਧਾਨ ਦੇ ਬਿਆਨਾਂ ਨੂੰ ਰਾਹੁਲ ਗਾਂਧੀ, ਜਿਨ੍ਹਾਂ ਦੀ ਯੰਗ ਇੰਡੀਅਨ ਵਿੱਚ ਵੱਡੀ ਹਿੱਸੇਦਾਰੀ ਹੈ, ਵੱਲੋਂ ਪਹਿਲਾਂ ਦਿੱਤੇ ਬਿਆਨਾਂ ਨਾਲ ਮੇਲਿਆ। ਚੇਤੇ ਰਹੇ ਕਿ ਈਡੀ ਨੇ ਰਾਹੁਲ ਗਾਂਧੀ ਤੋਂ ਇਸੇ ਮਾਮਲੇ ਵਿੱਚ ਪੰਜ ਦਿਨਾਂ ਦੀ ਪੁੱਛ-ਪੜਤਾਲ ਦੌਰਾਨ 50 ਘੰਟੇ ਦੇ ਕਰੀਬ ਸਵਾਲ ਜਵਾਬ ਕੀਤੇ ਸਨ। ਕਾਬਿਲੇਗੌਰ ਹੈ ਕਿ ਸੋਨੀਆ ਤੇ ਰਾਹੁਲ ਗਾਂਧੀ ਯੰਗ ਇੰਡੀਅਨ ਦੇ ਪ੍ਰਮੋਟਰ ਤੇ ਪ੍ਰਮੁੱਖ ਸ਼ੇਅਰਧਾਰਕ ਹਨ। ਦੋਵਾਂ ਮਾਂ-ਪੁੱਤ ਦੇ ਇਸ ਕੰਪਨੀ ਵਿੱਚ 38-38 ਫੀਸਦ ਸ਼ੇਅਰ ਹਨ। ਭਾਜਪਾ ਆਗੂ ਸੁਬਰਾਮਨੀਅਨ ਸਵਾਮੀ ਨੇ ਸੋਨੀਆ-ਰਾਹੁਲ ਤੇ ਹੋਰਨਾਂ ’ਤੇ ਧੋਖਾਧੜੀ ਤੇ ਫੰਡਾਂ ਦੀ ਹੇਰਾਫੇਰੀ ਦਾ ਦੋਸ਼ ਲਾਇਆ ਸੀ। ਈਡੀ ਇਸ ਤੋਂ ਪਹਿਲਾਂ ਕਾਂਗਰਸ ਆਗੂਆਂ ਮਲਿਕਾਰਜੁਨ ਖੜਗੇ ਤੇ ਪਵਨ ਬਾਂਸਲ ਤੋਂ ਵੀ ਪੁੱਛ-ਪੜਤਾਲ ਕਰ ਚੁੱਕੀ ਹੈ।
ਈਡੀ ਵੱਲੋਂ ਕਾਂਗਰਸ ਪ੍ਰਧਾਨ ਤੋਂ ਕੀਤੀ ਜਾਣ ਵਾਲੀ ਪੁੱਛ-ਪੜਤਾਲ ਦੇ ਮੱਦੇਨਜ਼ਰ ਸੰਘੀ ਏਜੰਸੀ ਦੇ ਦਫ਼ਤਰ ਅਤੇ ਸੋਨੀਆ ਗਾਂਧੀ ਦੀ ਰਿਹਾਇਸ਼ ਵਿਚਲੇ ਇਕ ਕਿਲੋਮੀਟਰ ਦੇ ਫਾਸਲੇ ’ਤੇ ਦਿੱਲੀ ਪੁਲੀਸ, ਸੀਆਰਪੀਐੱਫ ਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤਾਇਨਾਤ ਰਹੇ। ਇਸ ਦੌਰਾਨ ਖੇਤਰ ਵਿਚ ਟਰੈਫਿਕ ਪਾਬੰਦੀਆਂ ਵੀ ਆਇਦ ਰਹੀਆਂ। -ਪੀਟੀਆਈ