ਮੁੰਬਈ, 2 ਸਤੰਬਰ
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਉਨ੍ਹਾਂ ਖ਼ਿਲਾਫ਼ ਮਨੀ ਲੌਂਡਰਿੰਗ ਦੇ ਦੋਸ਼ ਹੇਠ ਦਰਜ ਇਕ ਕੇਸ ਦੇ ਸਬੰਧ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਗਏ ਸੰਮਨ ਰੱਦ ਕਰਵਾਉਣ ਲਈ ਬੰਬਈ ਹਾਈ ਕੋਰਟ ਵਿਚ ਪਹੁੰਚ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਮਲੇ ਦੀ ਜਾਂਚ ਮੁੰਬਈ ਤੋਂ ਬਾਹਰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪਣ ਦੀ ਮੰਗ ਵੀ ਕੀਤੀ ਹੈ। ਸ੍ਰੀ ਦੇਸ਼ਮੁਖ ਨੇ ਇਹ ਮੰਗ ਵੀ ਕੀਤੀ ਹੈ ਕਿ ਈਡੀ ਵੱਲੋਂ ਉਨ੍ਹਾਂ ਦੇ ਬਿਆਨ ਡਿਜੀਟਲ ਮਾਧਿਅਮ ਰਾਹੀਂ ਦਰਜ ਕੀਤੇ ਜਾਣ। ਉਨ੍ਹਾਂ ਦੀ ਅਰਜ਼ੀ ਸੁਣਵਾਈ ਲਈ ਜਸਟਿਸ ਰੇਵਤੀ ਮੋਹਿਤੇ ਡੇਰੇ ਦੇ ਸਿੰਗਲ ਬੈਂਚ ਕੋਲ ਸੁਣਵਾਈ ਲਈ ਆਈ। ਹਾਲਾਂਕਿ, ਜਸਟਿਸ ਡੇਰੇ ਨੇ ਬਿਨਾ ਕੋਈ ਕਾਰਨ ਦਿੱਤੇ ਅਰਜ਼ੀ ’ਤੇ ਸੁਣਵਾਈ ਕਰਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਕਿਹਾ, ‘‘ਇਹ ਅਰਜ਼ੀ ਸੁਣਵਾਈ ਲਈ ਮੇਰੇ ਕੋਲੋ ਨਾ ਰੱਖੀ ਜਾਵੇ। ਇਸ ਅਰਜ਼ੀ ’ਤੇ ਦੂਜੇ ਬੈਂਚ ਵੱਲੋਂ ਨਿਸ਼ਚਿਤ ਸਮੇਂ ਵਿਚ ਸੁਣਵਾਈ ਕੀਤੀ ਜਾਵੇਗੀ।’’ -ਪੀਟੀਆਈ
ਸੀਬੀਆਈ ਵੱਲੋਂ ਦੇਸ਼ਮੁਖ ਦਾ ਵਕੀਲ ਗ੍ਰਿਫ਼ਤਾਰ
ਨਵੀਂ ਦਿੱਲੀ: ਸੀਬੀਆਈ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਵਕੀਲ ਆਨੰਦ ਡਾਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਡਾਗਾ ’ਤੇ ਬੰਬਈ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਦੇਸ਼ਮੁਖ ਖ਼ਿਲਾਫ਼ ਹੋ ਰਹੀ ਮੁੱਢਲੀ ਜਾਂਚ ’ਚ ਅੜਿੱਕਾ ਡਾਹੁਣ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਡਾਗਾ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਕੇ ਟਰਾਂਜ਼ਿਟ ਰਿਮਾਂਡ ’ਤੇ ਦਿੱਲੀ ਲਿਆਂਦਾ ਗਿਆ ਹੈ। ਵਕੀਲ ਨੂੰ ਗ੍ਰਿਫ਼ਤਾਰ ਕੀਤੇ ਗਏ ਸੀਬੀਆਈ ਦੇ ਸਬ ਇੰਸਪੈਕਟਰ ਅਭਿਸ਼ੇਕ ਤਿਵਾੜੀ ਦੇ ਨਾਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਤਿਵਾੜੀ ਨੂੰ ਡਾਗਾ ਕੋਲੋਂ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਬੁੱਧਵਾਰ ਰਾਤ ਨੂੰ ਹਿਰਾਸਤ ਵਿਚ ਲਿਆ ਗਿਆ ਸੀ। -ਪੀਟੀਆਈ