ਧਰਮਸ਼ਾਲਾ, 20 ਦਸੰਬਰ
ਆਰਐਸਐਸ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਨੂੰ ਇੱਥੇ ਅਧਿਆਤਮਕ ਆਗੂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਮਕਲੌਡਗੰਜ ਸਥਿਤ ਦਲਾਈ ਲਾਮਾ ਦੀ ਰਿਹਾਇਸ਼ ਹੋਈ ਇਹ ਮੀਟਿੰਗ ਕਰੀਬ ਇੱਕ ਘੰਟੇ ਤਕ ਚੱਲੀ। ਦਲਾਈ ਲਾਮਾ ਨੇ 15 ਦਸੰਬਰ ਨੂੰ ਜਨਤਾ ਨੂੰ ਮਿਲਣਾ ਸ਼ੁਰੂ ਕੀਤਾ ਹੈ। ਕਰੋਨਾ ਮਹਾਮਾਰੀ ਕਾਰਨ ਸਾਲ 2020 ਵਿਚ ਦਲਾਈ ਲਾਮਾ ਦੀਆਂ ਜਨਤਕ ਮੀਟਿੰਗਾਂ ਬੰਦ ਕਰ ਦਿੱਤੀਆਂ ਗਈਆਂ ਸਨ।ਤਿੱਬਤੀ ਰਾਸ਼ਟਰਪਤੀ ਪੇਨਪਾ ਸੇਰਿੰਗ, ਉਨ੍ਹਾਂ ਦੀ ਕੈਬਨਿਟ ਅਤੇ ਤਿੱਬਤੀ ਸੰਸਦ ਦੇ ਸਪੀਕਰ ਸੋਨਮ ਟੈਂਫੇਲ ਨੇ ਵੀ ਆਰਐਸਐਸ ਮੁਖੀ ਨਾਲ ਮੁਲਾਕਾਤ ਕੀਤੀ। ਦਲਾਈ ਲਾਮਾ ਨਾਲ ਭਾਗਵਤ ਦੀ ਮੁਲਾਕਾਤ ਬਾਰੇ ਪੁੱਛੇ ਜਾਣ ’ਤੇ, ਸੇਰਿੰਗ ਨੇ ਕਿਹਾ, ‘‘ਮੈਂ ਮੀਟਿੰਗ ਵਿੱਚ ਨਹੀਂ ਸੀ ਪਰ ਮੈਨੂੰ ਯਕੀਨ ਹੈ ਕਿ ਉਨ੍ਹਾਂ ਨੇ ਮਨੁੱਖਤਾ ਦੇ ਵਡੇਰੇ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਗੱਲ ਕੀਤੀ ਹੋਵੇਗੀ।’’ ਭਾਗਵਤ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਧਰਮਸ਼ਾਲਾ ਦੇ ਪੰਜ ਦਿਨਾਂ ਦੌਰੇ ’ਤੇ ਸਨ। -ਪੀਟੀਆਈ