ਨਵੀਂ ਦਿੱਲੀ, 28 ਜੂਨ
ਦਿੱਲੀ ਦੀ ਇੱਕ ਅਦਾਲਤ ਨੇ ਅੱਜ ਇੱਕ ਹਿੰਦੂ ਦੇਵਤਾ ਖ਼ਿਲਾਫ਼ 2018 ’ਚ ਕੀਤੇ ਇਤਰਾਜ਼ਯੋਗ ਟਵੀਟ ਨਾਲ ਸਬੰਧਤ ਮਾਮਲੇ ’ਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਤੋਂ ਪੁੱਛ-ਪੜਤਾਲ ਲਈ ਰਿਮਾਂਡ ਚਾਰ ਦਿਨ ਲਈ ਵਧਾ ਦਿੱਤਾ ਹੈ। ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਸਨਿਗਧਾ ਸਰਵਾਰੀਆ ਨੇ ਦਿੱਲੀ ਪੁਲੀਸ ਤੇ ਮੁਲਜ਼ਮ ਦੀਆਂ ਦਲੀਲਾਂ ਸੁਣਨ ਮਗਰੋਂ ਇਹ ਹੁਕਮ ਸੁਣਾਇਆ ਹੈ।
ਦਿੱਲੀ ਪੁਲੀਸ ਨੇ ਜ਼ੁਬੈਰ ਦੀ ਹਿਰਾਸਤ ’ਚ ਪੁੱਛ ਪੜਤਾਲ ਦੀ ਇਕ ਦਿਨ ਦੀ ਮਿਆਦ ਖਤਮ ਹੋਣ ਮਗਰੋਂ ਅੱਜ ਉਸ ਨੂੰ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਤੇ ਮੁਲਜ਼ਮ ਦਾ ਰਿਮਾਂਡ ਪੰਜ ਦਿਨ ਲਈ ਵਧਾਉਣ ਦੀ ਮੰਗ ਕੀਤੀ। ਪੁਲੀਸ ਨੇ ਅਦਾਲਤ ਨੂੰ ਕਿਹਾ ਕਿ ਮੁਲਜ਼ਮ ਜਾਂਚ ਏਜੰਸੀ ਨਾਲ ਸਹਿਯੋਗ ਨਹੀਂ ਕਰ ਰਿਹਾ ਅਤੇ ਉਸ ਫੋਨ ਜਾਂ ਲੈਪਟਾਪ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕਰਨ ਦੀ ਜ਼ਰੂਰਤ ਹੈ ਜਿਸ ਰਾਹੀਂ ਮੁਲਜ਼ਮ ਨੇ ਟਵੀਟ ਕੀਤਾ ਸੀ। ਸੁਣਵਾਈ ਦੌਰਾਨ ਮੁਹੰਮਦ ਜ਼ੁਬੈਰ ਦੀ ਵਕੀਲ ਵਰਿੰਦਾ ਗਰੋਵਰ ਨੇ ਅਦਾਲਤ ’ਚ ਕਿਹਾ ਕਿ ਟਵੀਟ ਵਿੱਚ ਜਿਸ ਤਸਵੀਰ ਦੀ ਵਰਤੋਂ ਕੀਤੀ ਗਈ ਹੈ, ਉਹ 1983 ’ਚ ਆਈ ਰਿਸ਼ੀਕੇਸ਼ ਮੁਖਰਜੀ ਦੀ ਹਿੰਦੀ ਫਿਲਮ ‘ਕਿਸੀ ਸੇ ਨਾ ਕਹਿਨਾ’ ਦੀ ਹੈ ਅਤੇ ਉਸ ਫਿਲਮ ’ਤੇ ਕੋਈ ਰੋਕ ਨਹੀਂ ਲੱਗੀ ਸੀ। ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ। -ਪੀਟੀਆਈ
ਜ਼ੁਬੈਰ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਨਿਰਾਸ਼ਾਜਨਕ: ਐਡੀਟਰਜ਼ ਗਿਲਡ
ਨਵੀਂ ਦਿੱਲੀ: ਐਡੀਟਰਜ਼ ਗਿਲਡ ਆਫ ਇੰਡੀਆ, ਪ੍ਰੈੱਸ ਕਲੱਬ ਆਫ ਇੰਡੀਆ ਤੇ ਮੁੰਬਈ ਪ੍ਰੈੱਸ ਕਲੱਬ ਸਮੇਤ ਕੁਝ ਪੱਤਰਕਾਰ ਜਥੇਬੰਦੀਆਂ ਨੇ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਅੱਜ ਇਸ ਨੂੰ ਬਹੁਤ ਹੀ ਨਿਰਾਸ਼ਾਜਨਕ ਕਾਰਵਾਈ ਦੱਸਿਆ ਤੇ ਜ਼ੁਬੈਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਮੀਡੀਆ ਸੰਸਥਾਵਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਜ਼ੁਬੈਰ ਖ਼ਿਲਾਫ਼ ਕਾਰਵਾਈ ਉਸ ਦਿਨ ਕੀਤੀ ਗਈ ਹੈ ਜਦੋਂ ਭਾਰਤ ਨੇ ਜੀ-7 ਮੁਲਕਾਂ ਦੇ ਸੰਮੇਲਨ ’ਚ ਭਾਗ ਲਿਆ ਤੇ ‘ਆਨਲਾਈਨ ਤੇ ਆਫਲਾਈਨ’ ਬੋਲਣ ਦੀ ਆਜ਼ਾਦੀ ਦੀ ਰਾਖੀ ਦੀ ਵਕਾਲਤ ਕੀਤੀ ਹੈ।
ਗਿਲਡ ਨੇ ਇੱਥੇ ਇੱਕ ਬਿਆਨ ’ਚ ਕਿਹਾ, ‘ਸਪੱਸ਼ਟ ਹੈ ਕਿ ਆਲਟ ਨਿਊਜ਼ ਦੀ ਚੌਕਸੀ ਉਨ੍ਹਾਂ ਲੋਕਾਂ ਨੂੰ ਰਾਸ ਨਹੀਂ ਆਈ ਜੋ ਭੜਕਾਊ ਭਾਸ਼ਣਾਂ ਨੂੰ ਸਮਾਜ ’ਚ ਵੰਡੀਆਂ ਪਾਉਣ ਲਈ ਵਰਤਦੇ ਹਨ।’ ਗਿਲਡ ਨੇ ਕਿਹਾ, ‘ਜ਼ੁਬੈਰ ਨੂੰ ਆਈਪੀਸੀ ਦੀਆਂ ਧਾਰਾਵਾਂ 153 ਤੇ 295 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਬਹੁਤ ਹੀ ਨਿਰਾਸ਼ਾ ਭਰੀ ਗੱਲ ਹੈ ਕਿਉਂਕਿ ਜ਼ੁਬੈਰ ਤੇ ਉਸ ਦੀ ਵੈੱਬਸਾਈਟ ਆਲਟ ਨਿਊਜ਼ ਨੇ ਪਿਛਲੇ ਕੁਝ ਸਾਲਾਂ ਤੋਂ ਬਹੁਤ ਹੀ ਤੱਥਾਂ ਤਹਿਤ ਫਰਜ਼ੀ ਖ਼ਬਰਾਂ ਦਾ ਪਤਾ ਲਾਉਣ ਤੇ ਭੜਕਾਊ ਮੁਹਿੰਮਾਂ ਖ਼ਿਲਾਫ਼ ਕੰਮ ਕਰ ਰਿਹਾ ਸੀ।’ ਸੰਸਥਾ ਨੇ ਕਿਹਾ, ‘ਇਹ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਰਮਨੀ ’ਚ ਜੀ-7 ਸੰਮੇਲਨ ’ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਆਨਲਾਈਨ ਤੇ ਆਫਲਾਈ ਸਮੱਗਰੀ ਦੀ ਰਾਖੀ ਕਰਕੇ ਇੱਕ ਲਚਕੀਲਾ ਲੋਕਤੰਤਰ ਬਣਾਇਆ ਜਾ ਸਕੇ।’
ਇਸੇ ਤਰ੍ਹਾਂ ਪ੍ਰੈੱਸ ਕਲੱਬ ਆਫ ਇੰਡੀਆ ਤੇ ਮੁੰਬਈ ਪ੍ਰੈੱਸ ਕਲੱਬ ਨੇ ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ
ਭਾਰਤ ’ਚ ਮਨੁੱਖੀ ਹੱਕਾਂ ਦੇ ਰਾਖਿਆਂ ਨੂੰ ਪ੍ਰੇਸ਼ਾਨ ਕਰਨਾ ਹੁਣ ਆਮ ਗੱਲ: ਐਮਨੈਸਟੀ
ਨਵੀਂ ਦਿੱਲੀ: ਐਮਨੈਸਟੀ ਇੰਡੀਆ ਨੇ ਮੁਹੰਮਦ ਜ਼ੁਬੈਰ ਦੀ ਤੁਰੰਤ ਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਿਆਂ ਅੱਜ ਕਿਹਾ ਕਿ ਸੱਚ ਤੇ ਨਿਆਂ ਦੀ ਪੈਰਵੀ ਕਰਨ ਵਾਲੇ ਮਨੁੱਖੀ ਹੱਕਾਂ ਦੇ ਰਾਖਿਆਂ ਨੂੰ ਪ੍ਰੇਸ਼ਾਨ ਕਰਨਾ ਤੇ ਉਨ੍ਹਾਂ ਨੂੰ ਮਨਮਰਜ਼ੀ ਨਾਲ ਗ੍ਰਿਫ਼ਤਾਰ ਕਰਨਾ ਭਾਰਤ ’ਚ ਹੁਣ ਆਮ ਗੱਲ ਹੋ ਗਈ ਹੈ ਜੋ ਕਿ ਫਿਕਰ ਦਾ ਵਿਸ਼ਾ ਹੈ। ਐਮਨੈਸਟੀ ਇੰਟਰਨੈਸ਼ਨਲ ਇੰਡੀਆ ਲਈ ਬੋਰਡ ਦੇ ਪ੍ਰਧਾਨ ਆਕਾਰ ਪਟੇਲ ਨੇ ਕਿਹਾ ਕਿ ਭਾਰਤੀ ਅਧਿਕਾਰੀ ਜ਼ੁਬੈਰ ਨੂੰ ਇਸ ਲਈ ਨਿਸ਼ਾਨੇ ’ਤੇ ਲੈ ਰਹੇ ਹਨ ਕਿਉਂਕਿ ਉਹ ਫਰਜ਼ੀ ਖ਼ਬਰਾਂ ਤੇ ਗੁੰਮਰਾਹਕੁਨ ਸੂਚਨਾਵਾਂ ਖ਼ਿਲਾਫ਼ ਕੰਮ ਕਰ ਰਿਹਾ ਸੀ। ਪਟੇਲ ਨੇ ਇੱਕ ਬਿਆਨ ’ਚ ਕਿਹਾ, ‘ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਤੋਂ ਜ਼ਾਹਿਰ ਹੁੰਦਾ ਹੈ ਕਿ ਭਾਰਤ ’ਚ ਮਨੁੱਖੀ ਹੱਕਾਂ ਦੇ ਰਾਖਿਆਂ ਸਾਹਮਣੇ ਮੌਜਦਾ ਖਤਰਾ ਸੰਕਟ ਦੀ ਸਥਿਤੀ ’ਚ ਪਹੁੰਚ ਗਿਆ ਹੈ।’ ਉਨ੍ਹਾਂ ਕਿਹਾ ਕਿ ਜ਼ੁਬੈਰ ਨੂੰ ਐੱਫਆਈਆਰ ਦੀ ਕਾਪੀ ਨਾ ਦੇਣੀ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂਆਤ ਦੇ ਕੁਝ ਘੰਟੇ ਕਿਸੇ ਨਾਲ ਗੱਲ ਨਾ ਕਰਨ ਦੇਣ ਤੋਂ ਸਾਬਤ ਹੁੰਦਾ ਹੈ ਕਿ ਭਾਰਤੀ ਅਥਾਰਿਟੀਆਂ ਕਿੰਨੀਆਂ ਢੀਠ ਹੋ ਗਈਆਂ ਹਨ। ਪਟੇਲ ਨੇ ਕਿਹਾ ਕਿ ਜ਼ੁਬੈਰ ਦੀ ਗ੍ਰਿਫ਼ਤਾਰੀ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਸਪੱਸ਼ਟ ਉਲੰਘਣਾ ਹੈ ਅਤੇ ਦਿੱਲੀ ਪੁਲੀਸ ਉਸ ਨੂੰ ਤੁਰੰਤ ਤੇ ਬਿਨਾਂ ਸ਼ਰਤ ਰਿਹਾਅ ਕਰੇ ਅਤੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਪਟੇਲ ਨੇ ਕਿਹਾ ਕਿ ਜ਼ੁਬੈਰ ਦੀ ਗ੍ਰਿਫ਼ਤਾਰੀ ਲਈ ਅਥਾਰਿਟੀਆਂ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਕੇ ਇਹ ਸੁਨੇਹਾ ਦੇ ਰਹੀਆਂ ਹਨ ਕਿ ਦੇਸ਼ ਵਿੱਚ ਵਿਰੋਧ ਦੀ ਆਵਾਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। -ਪੀਟੀਆਈ