ਸ਼ਿਮਲਾ, 27 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਵਿੱਚ ਆਪਣੀ ਸਰਕਾਰ ਦੀ ਅੱਠਵੀਂ ਵਰ੍ਹੇਗੰਢ ਮੌਕੇ 31 ਮਈ ਨੂੰ ਸ਼ਿਮਲਾ ਵਿੱਚ ਰੋਡ ਸ਼ੋਅ ਕਰ ਕੇ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਆਗੂ ਤ੍ਰਿਲੋਕ ਜਮਵਾਲ ਨੇ ਦੱਸਿਆ ਕਿ ਮੋਦੀ ਦਾ ਰੋਡ ਸ਼ੋਅ ਸੀਟੀਓ ਤੋਂ ਸ਼ੁਰੂ ਹੋ ਕੇ ਰਾਣੀ ਝਾਂਸੀ ਪਾਰਕ ਤੱਕ ਜਾਵੇਗਾ। ਇਸ ਮਗਰੋਂ ਪ੍ਰਧਾਨ ਮੰਤਰੀ ਇਤਿਹਾਸਕ ਰਿੱਜ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ 17 ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਆਨਲਾਈਨ ਗੱਲਬਾਤ ਵੀ ਕਰਨਗੇ।
ਇਸੇ ਤਰ੍ਹਾਂ ਭਲਕੇ ਸ਼ਨਿਚਰਵਾਰ ਨੂੰ ਗੁਜਰਾਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਹਿਕਾਰੀ ਅਦਾਰਿਆਂ ਦੇ ਅਧਿਕਾਰੀਆਂ ਦੇ ਸੈਮੀਨਾਰ ਨੂੰ ਸੰਬੋਧਨ ਕਰਨਗੇ ਅਤੇ ਇੱਕ ਨੈਨੋ ਯੂਰੀਆ ਪਲਾਂਟ ਦਾ ਉਦਘਾਟਨ ਕਰਨਗੇ। ਸੈਮੀਨਾਰ ਵਿੱਚ ਵੱਖ-ਵੱਖ ਅਦਾਰਿਆਂ ਦੇ ਲਗਪਗ ਸੱਤ ਹਜ਼ਾਰ ਨੁਮਾਇੰਦੇ ਸ਼ਾਮਲ ਹੋਣਗੇ। ਪੀਐੱਮਓ ਅਨੁਸਾਰ ਮੋਦੀ ਭਲਕੇ ਰਾਜਕੋਟ ਵਿੱਚ ਬਣੇ ਇੱਕ ਨਵੇਂ ਹਸਪਤਾਲ ਦਾ ਵੀ ਦੌਰਾ ਕਰਨਗੇ। -ਪੀਟੀਆਈ