ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ 2 ਤੋਂ 4 ਮਈ ਤੱਕ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਤਿੰਨ ਦਿਨਾ ਦੌਰੇ ’ਤੇ ਜਾਣਗੇ। ਇਸ ਸਾਲ ਇਹ ਉਨ੍ਹਾਂ ਦਾ ਪਹਿਲਾ ਵਿਦੇਸ਼ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਦੀ ਇਸ ਯਾਤਰਾ ਸਬੰਧੀ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਅੱਜ ਦਿੱਤੀ। ਮੋਦੀ ਪਹਿਲਾਂ ਜਰਮਨੀ ਦਾ ਦੌਰਾ ਕਰਨਗੇ ਅਤੇ ਫਿਰ ਡੈਨਮਾਰਕ ਜਾਣਗੇ। ਉਨ੍ਹਾਂ ਦੀ ਵਾਪਸੀ ਚਾਰ ਮਈ ਨੂੰ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਪੈਰਿਸ ਵਿੱਚ ਵੀ ਥੋੜ੍ਹਾ ਸਮਾਂ ਰੁਕਣਗੇ ਅਤੇ ਇਮੈਨੂਅਲ ਮੈਕਰੌਂ ਨੂੰ ਮਿਲਣਗੇ, ਜੋ ਹਾਲ ਹੀ ਵਿੱਚ ਫਰਾਂਸ ਦੇ ਮੁੜ ਰਾਸ਼ਟਰਪਤੀ ਚੁਣੇ ਗਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨੀ ਦੇ ਚਾਂਸਲਰ ਓਲਾਫ ਸੋਲਜ਼ ਸਾਂਝੇ ਤੌਰ ’ਤੇ ਕਾਰੋਬਾਰ ਸਬੰਧੀ ਪ੍ਰੋਗਰਾਮ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਜਰਮਨੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਰੂ-ਬ-ਰੂ ਹੋਣਗੇ।’’ -ਪੀਟੀਆਈ