ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 6 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਬੀਤੇ ਦਿਨ ਸੁਰੱਖਿਆ ਪ੍ਰਬੰਧਾਂ ਵਿੱਚ ‘ਖਾਮੀਆਂ’ ਦੇ ਮਾਮਲੇ ਦਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੰਭੀਰ ਨੋਟਿਸ ਲਿਆ ਹੈ। ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਲਈ ਵੀਰਵਾਰ ਨੂੰ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਸੁਧੀਰ ਕੁਮਾਰ ਸਕਸੇਨਾ, ਸਕੱਤਰ (ਸੁਰੱਖਿਆ), ਕੈਬਿਨਟ ਸਕੱਤਰੇਤ, ਵੱਲੋਂ ਕੀਤੀ ਜਾਵੇਗੀ। ਇਸ ਕਮੇਟੀ ਵਿੱਚ ਬਲਬੀਰ ਸਿੰਘ, ਜਾਇੰਟ ਡਾਇਰੈਕਟਰ (ਆਈਬੀ) ਤੇ ਐੱਸ ਸੁਰੇਸ਼, ਆਈਜੀ, ਸਪੈਸ਼ਲ ਪ੍ਰੋਟੇਕਸ਼ਨ ਗਰੁੱਪ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਰਿਪੋਰਟ ਜਲਦ ਤੋਂ ਜਲਦ ਦੇਵੇ।