ਨਵੀਂ ਦਿੱਲੀ, 19 ਮਈ
ਮੁਲਕ ਜਦੋਂ ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨਾਲ ਸਿੱਝਣ ਲਈ ਸੰਘਰਸ਼ ਕਰ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਭਾਵਸ਼ਾਲੀ ਆਗੂ ਵਜੋਂ ਦਿਖ ਨੂੰ ਨੁਕਸਾਨ ਪਹੁੰਚਿਆ ਹੈ। ਦੋ ਸਰਵੇਖਣਾਂ ’ਚ ਦਰਸਾਇਆ ਗਿਆ ਹੈ ਕਿ ਸ੍ਰੀ ਮੋਦੀ ਦੀ ਰੇਟਿੰਗ ਹੋਰ ਹੇਠਾਂ ਨੂੰ ਗਈ ਹੈ। ਸਾਲ 2014 ’ਚ ਸੱਤਾ ’ਚ ਆਏ ਸ੍ਰੀ ਮੋਦੀ ਨੇ 2019 ’ਚ ਮੁੜ ਚੋਣ ਜਿੱਤ ਕੇ ਤਾਕਤਵਰ ਰਾਸ਼ਟਰਵਾਦੀ ਆਗੂ ਵਜੋਂ ਆਪਣਾ ਰੁਤਬਾ ਵਧਾਇਆ ਸੀ। ਆਲਮੀ ਆਗੂਆਂ ਦੇ ਰੁਤਬੇ ’ਤੇ ਨਜ਼ਰ ਰੱਖਣ ਵਾਲੀ ਅਮਰੀਕੀ ਡੇਟਾ ਇੰਟੈਲੀਜੈਂਸ ਕੰਪਨੀ ‘ਮੌਰਨਿੰਗ ਕੰਸਲਟ’ ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਸ੍ਰੀ ਮੋਦੀ ਦੀ ਓਵਰਆਲ ਰੇਟਿੰਗ ਇਸ ਹਫ਼ਤੇ 63 ਫ਼ੀਸਦ ਰਹੀ ਜੋ ਅਗਸਤ 2019 ਤੋਂ ਸਭ ਤੋਂ ਘੱਟ ਹੈ। ਰੇਟਿੰਗ ’ਚ ਸਭ ਤੋਂ ਵੱਧ ਗਿਰਾਵਟ ਅਪਰੈਲ ’ਚ ਦਰਜ ਹੋਈ ਜਦੋਂ ਇਹ 22 ਅੰਕ ਡਿੱਗ ਗਈ ਸੀ। ਭਾਰਤੀ ਪੋਲਿੰਗ ਏਜੰਸੀ ਸੀ-ਵੋਟਰ ਦੇ ਸਰਵੇਖਣ ’ਚ ਪਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਪਿਛਲੇ ਸਾਲ ਦੇ 65 ਫ਼ੀਸਦੀ ਦੇ ਮੁਕਾਬਲੇ ਐਤਕੀਂ 37 ਫ਼ੀਸਦ ਤੱਕ ਡਿੱਗ ਗਈ। ਸੱਤ ਸਾਲਾਂ ’ਚ ਪਹਿਲੀ ਵਾਰ ਹੈ ਕਿ ਲੋਕਾਂ ਨੇ ਮੋਦੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਇਸ ਨੂੰ ਤਸੱਲੀਬਖ਼ਸ਼ ਕਰਾਰ ਨਹੀਂ ਦਿੱਤਾ। -ਰਾਇਟਰਜ਼