ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਦਾ ਦੌਰਾ ਸੱਤ ਜੁਲਾਈ ਨੂੰ ਅਤੇ ਇਸ ਤੋਂ ਅਗਲੇ ਦਿਨ ਤਲੰਗਾਨਾ ਤੇ ਰਾਜਸਥਾਨ ਦਾ ਦੌਰਾ ਕਰਨਗੇ। ਉਹ ਆਪਣੇ ਦੋ ਰੋਜ਼ਾ ਦੌਰੇ ਦੌਰਾਨ ਕਰੀਬ 50 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਰੱਖਣਗੇ। ਉੱਤਰ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਇਸ ਸਾਲ ਦੇ ਅਖ਼ੀਰ ’ਤੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਹੋਏ ਬਿਆਨ ਅਨੁਸਾਰ ਨਰਿੰਦਰ ਮੋਦੀ ਸੱਤ ਜੁਲਾਈ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਇਸੇ ਦਿਨ ਉਹ ਬਾਅਦ ਦੁਪਹਿਰ ਯੂਪੀ ਦੇ ਗੋਰਖਪੁਰ ਵਿੱਚ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਮਗਰੋਂ ਸ਼ਾਮ ਨੂੰ ਉਹ ਵਾਰਾਣਸੀ ਪਹੁੰਚਣਗੇ। ਪ੍ਰਧਾਨ ਮੰਤਰੀ ਅੱਠ ਜੁਲਾਈ ਨੂੰ ਤੇਲੰਗਾਨਾ ਦੇ ਵਾਰੰਗਲ ਵਿੱਚ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ। -ਪੀਟੀਆਈ