ਨਵੀਂ ਦਿੱਲੀ, 14 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਆਡ (ਚਾਰ ਮੁਲਕੀ) ਸੰਮੇਲਨ ’ਚ ਹਿੱਸਾ ਲੈਣ ਲਈ ਅਗਲੇ ਹਫ਼ਤੇ ਅਮਰੀਕਾ ਜਾਣਗੇ। ਸੰਮੇਲਨ ਦੌਰਾਨ ਅਫ਼ਗਾਨ ਸੰਕਟ ਸਮੇਤ ਆਲਮੀ ਚੁਣੌਤੀਆਂ ’ਤੇ ਧਿਆਨ ਕੇਂਦਰਤ ਕੀਤੇ ਜਾਣ ਦੀ ਸੰਭਾਵਨਾ ਹੈ। ਵਿਦੇਸ਼ ਮੰਤਰਾਲੇ ਨੇ ਦੌਰੇ ਦਾ ਐਲਾਨ ਕਰਦਿਆਂ ਕਿਹਾ ਕਿ ਜੋਅ ਬਾਇਡਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਮਗਰੋਂ ਸ੍ਰੀ ਮੋਦੀ ਦਾ ਇਹ ਅਮਰੀਕਾ ਦਾ ਪਹਿਲਾ ਦੌਰਾ ਹੋਵੇਗਾ ਅਤੇ ਉਹ ਵਾਸ਼ਿੰਗਟਨ ’ਚ 24 ਸਤੰਬਰ ਨੂੰ ਚਾਰ ਮੁਲਕਾਂ ਦੇ ਆਗੂਆਂ ਵਿਚਕਾਰ ਹੋਣ ਵਾਲੇ ਸੰਮੇਲਨ ’ਚ ਹਿੱਸਾ ਲੈਣਗੇ। ਇਸ ਦੇ ਨਾਲ ਪ੍ਰਧਾਨ ਮੰਤਰੀ ਅਗਲੇ ਦਿਨ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾ ਸਭਾ ਦੇ 76ਵੇਂ ਇਜਲਾਸ ਨੂੰ ਵੀ ਸੰਬੋਧਨ ਕਰਨਗੇ। ਵਾਸ਼ਿੰਗਟਨ ’ਚ ਸ੍ਰੀ ਮੋਦੀ ਵੱਲੋਂ ਰਾਸ਼ਟਰਪਤੀ ਬਾਇਡਨ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਵੱਖਰੇ ਤੌਰ ’ਤੇ ਦੁਵੱਲੀ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਮੋਦੀ-ਬਾਇਡਨ ਵਿਚਕਾਰ ਬੈਠਕ 23 ਸਤੰਬਰ ਨੂੰ ਵ੍ਹਾਈਟ ਹਾਊਸ ’ਚ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਪਿਛਲੀ ਵਾਰ ਸਤੰਬਰ 2019 ’ਚ ਅਮਰੀਕਾ ਗਏ ਸਨ ਅਤੇ ਉਦੋਂ ਉਨ੍ਹਾਂ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹਿਊਸਟਨ ’ਚ ਹਾਊਡੀ-ਮੋਦੀ ਸਮਾਗਮ ਨੂੰ ਸੰਬੋਧਨ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਹਿਲਾ ਕੁਆਡ ਸੰਮੇਲਨ 12 ਮਾਰਚ ਨੂੰ ਵਰਚੁਅਲੀ ਹੋਇਆ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲਏ ਗਏ ਫ਼ੈਸਲਿਆਂ ਬਾਰੇ ਨਜ਼ਰਸਾਨੀ ਕੀਤੀ ਜਾਵੇਗੀ। ਕਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਸ੍ਰੀ ਮੋਦੀ ਦਾ ਇਹ ਦੂਜਾ ਵਿਦੇਸ਼ੀ ਦੌਰਾ ਹੈ। ਇਸ ਤੋਂ ਪਹਿਲਾਂ ਉਹ ਕਰੀਬ ਛੇ ਮਹੀਨੇ ਪਹਿਲਾਂ ਬੰਗਲਾਦੇਸ਼ ਗਏ ਸਨ। -ਪੀਟੀਆਈ
ਸੰਯੁਕਤ ਰਾਸ਼ਟਰ ਮਹਾ ਸਭਾ ਨੂੰ 100 ਤੋਂ ਜ਼ਿਆਦਾ ਆਲਮੀ ਆਗੂ ਸੰਬੋਧਨ ਕਰਨਗੇ
ਸੰਯੁਕਤ ਰਾਸ਼ਟਰ: ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਸਾਲਾਨਾ ਇਜਲਾਸ ’ਚ 100 ਤੋਂ ਜ਼ਿਆਦਾ ਮੁਲਕਾਂ ਦੇ ਮੁਖੀ ਹਾਜ਼ਰੀ ਭਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਹੋਰ ਆਗੂ ਇਜਲਾਸ ਨੂੰ ਸੰਬੋਧਨ ਕਰਨਗੇ। ਆਮ ਬਹਿਸ ਦੌਰਾਨ 60 ਮੁਲਕਾਂ ਦੇ ਆਗੂ ਵੀਡੀਓ ਰਾਹੀਂ ਆਪਣੇ ਬਿਆਨ ਭੇਜ ਕੇ ਹਾਜ਼ਰੀ ਲਵਾਉਣਗੇ। ਸੰਯੁਕਤ ਰਾਸ਼ਟਰ ਦਾ ਇਜਲਾਸ 21 ਤੋਂ 27 ਸਤੰਬਰ ਤੱਕ ਚੱਲੇਗਾ। ਆਮ ਵਿਚਾਰ-ਵਟਾਂਦਰੇ ਦੇ ਆਖਰੀ ਦਿਨ ਅਫ਼ਗਾਨ ਸਫ਼ੀਰ ਗੁਲਾਮ ਇਸਾਕਜ਼ਈ ਅਖੀਰਲੇ ਬੁਲਾਰੇ ਹੋਣਗੇ। ਤਾਲਿਬਾਨ ਦੀ ਅੰਤਰਿਮ ਸਰਕਾਰ ਦੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਮਗਰੋਂ ਇਸਾਕਜ਼ਈ ਬਾਰੇ ਉਨ੍ਹਾਂ ਕੋਈ ਫ਼ੈਸਲਾ ਨਹੀਂ ਲਿਆ ਹੈ। -ਪੀਟੀਆਈ
ਚੀਨ ਨੇ ਕੁਆਡ ਸੰਮੇਲਨ ਦੀ ਨਿਖੇਧੀ ਕੀਤੀ
ਪੇਈਚਿੰਗ: ਚੀਨ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ’ਚ ਅਗਲੇ ਹਫ਼ਤੇ ਹੋ ਰਹੇ ਕੁਆਡ ਸੰਮੇਲਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਹੋਰ ਮੁਲਕਾਂ ਨੂੰ ਨਿਸ਼ਾਨਾ ਬਣਾਉਣ ਲਈ ਬਣੀ ‘ਜੁੰਡਲੀ’ ਦਾ ਕੋਈ ਭਵਿੱਖ ਨਹੀਂ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਕਿਹਾ ਕਿ ਸਹਿਯੋਗ ਕਰਨ ਵਾਲੇ ਮੁਲਕਾਂ ਨੂੰ ਤੀਜੀ ਧਿਰ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਠੰਢੀ ਜੰਗ ਅਤੇ ਸੌੜੀ ਮਾਨਸਿਕਤਾ ਨੂੰ ਤਿਆਗ ਕੇ ਖ਼ਿੱਤੇ ਦੇ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਨੀ ਚਾਹੀਦੀ ਹੈ। -ਪੀਟੀਆਈ