ਨਵੀਂ ਦਿੱਲੀ, 9 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਵਿੱਚ ਕੋਵਿਡ ਹਾਲਾਤ ਦਾ ਜਾਇਜ਼ਾ ਲਿਆ ਤੇ ਜ਼ਿਲ੍ਹਾ ਪੱਧਰ ’ਤੇ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਤੇ ਅਲੱੜ੍ਹਾਂ ਦੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦਾ ਨਵਾਂ ਸਰੂਪ ਓਮੀਕਰੋਨ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਦੇਸ਼ ਵਿੱਚ ਕਰੋਨਾ ਦੇ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਸ੍ਰੀ ਮੋਦੀ ਨੇ ਕਰੋਨਾ ਕੇਸਾਂ ਨੂੰ ਕਾਬੂ ਹੇਠ ਲਿਆਉਣ ਲਈ ਦਵਾਈਆਂ ਅਤੇ ਟੈਸਟ ਦੇ ਖੇਤਰ ਵਿੱਚ ਲਗਾਤਾਰ ਵਿਗਿਆਨਕ ਖੋਜਾਂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਹਰ ਸੂਬੇ ਵਿੱਚ ਕੋਵਿਡ ਹਾਲਾਤ ਬਾਰੇ ਜਾਣਕਾਰੀ ਲਈ ਜਾਵੇਗੀ। ਉਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਸਿਹਤ ਕਰਮਚਾਰੀਆਂ ਤੇ ਫਰੰਟ ਲਾਈਨ ਵਰਕਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਤੇ ਇਨ੍ਹਾਂ ਦੋਹਾਂ ਵਰਗਾਂ ਲਈ ਪ੍ਰੀਕੋਸ਼ਨ ਡੋਜ਼ ਲਾਉਣ ਦੀ ਪ੍ਰਕਿਰਿਆ ਨੂੰ ਇਕ ਮਿਸ਼ਨ ਵਾਂਗ ਚਲਾਉਣ ਦੀ ਅਪੀਲ ਕੀਤੀ।
ਦਿੱਲੀ ਵਿੱਚ ਕਰੋਨਾ ਦੇ 22,751 ਨਵੇਂ ਕੇਸ; 17 ਮੌਤਾਂ: ਦਿੱਲੀ ਵਿੱਚ ਅੱਜ ਕਰੋਨਾ ਵਾਇਰਸ ਦੇ 22,751 ਨਵੇਂ ਕੇਸ ਸਾਹਮਣੇ ਆਏ ਹਨ ਤੇ 17 ਲੋਕਾਂ ਦੀ ਮੌਤ ਹੋਈ ਹੈ। ਕੌਮੀ ਰਾਜਧਾਨੀ ਵਿੱਚ ਕਰੋਨਾ ਫੈਲਣ ਦੀ ਦਰ 23.53 ਫੀਸਦ ਹੋ ਗਈ ਹੈ। -ਪੀਟੀਆਈ