ਸਮਰਕੰਦ, 16 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਜ਼ਬੇਕਿਸਤਾਨ ਦੇ ਇਤਿਹਾਸਕ ਸ਼ਹਿਰ ਸਮਰਕੰਦ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਹੋਰ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਅੱਜ ਸੰਗਠਨ ਦੇ ਸਾਲਾਨਾ ਸੰਮੇਲਨ ਵਿੱਚ ਹਿੱਸਾ ਲਿਆ। ਸ਼ੀ ਅਤੇ ਮੋਦੀ ਜੂਨ 2020 ਵਿਚ ਗਲਵਾਨ ਘਾਟੀ ਵਿਚ ਹਿੰਸਕ ਝੜਪਾਂ ਕਾਰਨ ਸਰਹੱਦ ‘ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਤੋਂ ਬਾਅਦ ਪਹਿਲੀ ਵਾਰ ਆਹਮੋ-ਸਾਹਮਣੇ ਹੋਏ। ਇਸ ਮੌਕੇ ਸ੍ਰੀ ਮੋਦੀ ਨੇ ਭੋਜਨ ਅਤੇ ਊਰਜਾ ਸੁਰੱਖਿਆ ਸੰਕਟ ਨਾਲ ਨਜਿੱਠਣ ਲਈ ਲਚਕੀਲੀ ਸਪਲਾਈ ਲੜੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ 7.5 ਫੀਸਦੀ ਰਹਿਣ ਦੀ ਉਮੀਦ ਹੈ, ਜੋ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਉੱਚੀ ਹੋਵੇਗੀ। ਦੋ ਸਾਲਾਂ ਵਿੱਚ ਪਹਿਲੀ ਵਾਰ ਐੱਸਸੀਓ ਸਿਖ਼ਰ ਸੰਮੇਲਨ ਵਿੱਚ ਨੇਤਾਵਾਂ ਦੀ ਨਿੱਜੀ ਮੌਜੂਦਗੀ ਦੇਖਣ ਨੂੰ ਮਿਲੀ। ਮੋਦੀ ਅੱਠ ਮੈਂਬਰੀ ਐੱਸਸੀਓ ਦੇ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵੀਰਵਾਰ ਰਾਤ ਸਮਰਕੰਦ ਪਹੁੰਚੇ। ਸੰਮੇਲਨ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਹੋਰ ਨੇਤਾ ਹਿੱਸਾ ਲੈ ਰਹੇ ਹਨ।