ਨਵੀਂ ਦਿੱਲੀ, 17 ਅਕਤੂਬਰ
ਮੁੱਖ ਅੰਸ਼
- 195 ਮੈਂਬਰ ਮੁਲਕਾਂ ਦੇ ਵਫ਼ਦ ਲੈਣਗੇ ਹਿੱਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਦਿੱਲੀ ਵਿਚ ਹੋਣ ਵਾਲੀ ਇੰਟਰਪੋਲ ਦੀ 90ਵੀਂ ਮਹਾਸਭਾ ਨੂੰ ਸੰਬੋਧਨ ਕਰਨਗੇ। ਇਸ ਵਿਚ 195 ਮੈਂਬਰ ਮੁਲਕਾਂ ਦੇ ਵਫ਼ਦ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚ ਮੰਤਰੀ, ਪੁਲੀਸ ਮੁਖੀ ਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਸ਼ਾਮਲ ਹਨ। ਇਹ ਮਹਾਸਭਾ ਭਲਕ ਤੋਂ 21 ਅਕਤੂਬਰ ਤੱਕ ਹੋਵੇਗੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਮੋਦੀ ਭਲਕੇ ਬਾਅਦ ਦੁਪਹਿਰ ਸਭਾ ਨੂੰ ਸੰਬੋਧਨ ਕਰਨਗੇ। ਮਹਾਸਭਾ ਇੰਟਰਪੋਲ ਦੀ ਸਭ ਤੋਂ ਸਿਖ਼ਰਲੀ ਗਵਰਨਿੰਗ ਇਕਾਈ ਹੈ। ਇੰਟਰਪੋਲ ਦੀ ਕਾਰਜਪ੍ਰਣਾਲੀ ਬਾਰੇ ਇਸ ਦੀ ਬੈਠਕ ਸਾਲ ਵਿਚ ਇਕ ਵਾਰ ਹੁੰਦੀ ਹੈ। ਭਾਰਤ ਵਿਚ ਇਹ ਸਭਾ 25 ਸਾਲ ਬਾਅਦ ਹੋ ਰਹੀ ਹੈ। ਭਾਰਤ ਨੇ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਮੱਦੇਨਜ਼ਰ ਸਭਾ ਦਿੱਲੀ ਵਿਚ ਕਰਾਉਣ ਦੀ ਤਜਵੀਜ਼ ਰੱਖੀ ਸੀ ਜਿਸ ਨੂੰ ਬਹੁਗਿਣਤੀ ਮੈਂਬਰਾਂ ਨੇ ਪ੍ਰਵਾਨ ਕਰ ਲਿਆ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਸਮਾਗਮ ਦੌਰਾਨ ਭਾਰਤ ਨੂੰ ਦੇਸ਼ ਵਿਚਲੇ ਕਾਨੂੰਨ-ਵਿਵਸਥਾ ਢਾਂਚੇ ਬਾਰੇ ਪੂਰੀ ਦੁਨੀਆ ਨੂੰ ਦੱਸਣ ਦਾ ਮੌਕਾ ਮਿਲੇਗਾ। ਇਸ ਮੌਕੇ ਕੇਂਦਰੀ ਮੰਤਰੀ ਅਮਿਤ ਸ਼ਾਹ, ਇੰਟਰਪੋਲ ਦੇ ਪ੍ਰਧਾਨ ਅਹਿਮਦ ਨਾਸਿਰ ਅਲ ਰਾਇਸੀ ਤੇ ਸਕੱਤਰ ਜਨਰਲ ਜਰਗਨ ਸਟੌਕ ਹਾਜ਼ਰ ਹੋਣਗੇ। ਭਾਰਤ ਵੱਲੋਂ ਸੀਬੀਆਈ ਮੁਖੀ ਵੀ ਇਸ ਸੰਮੇਲਨ ਵਿਚ ਸ਼ਾਮਲ ਹੋਣਗੇ। ਇੰਟਰਪੋਲ ਦੇ ਕੌਮਾਂਤਰੀ ਪੱਧਰ ਦੇ ਇਸ ਸਮਾਗਮ ਦੌਰਾਨ ਕੌਮੀ ਰਾਜਧਾਨੀ ਵਿਚ ਚਾਰ ਦਿਨਾਂ ਤੱਕ ਟਰੈਫਿਕ ’ਚ ਵਿਘਨ ਪਏਗਾ। ਦਿੱਲੀ ਟਰੈਫਿਕ ਪੁਲੀਸ ਨੇ ਲੁਟੀਅਨ ਦਿੱਲੀ ਦੇ ਸੰਗਠਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਹਿਣ। -ਪੀਟੀਆਈ
ਅਤਿਵਾਦ ਰੋਕਣਾ ਇੰਟਰਪੋਲ ਦੇ ਦਾਇਰੇ ’ਚ ਨਹੀਂ: ਸਕੱਤਰ ਜਨਰਲ
ਇੰਟਰਪੋਲ ਦੇ ਸਕੱਤਰ ਜਨਰਲ ਜਰਗਨ ਸਟੌਕ ਨੇ ਅੱਜ ਕਿਹਾ ਕਿ ਦਹਿਸ਼ਤਗਰਦੀ ਵਰਗੀਆਂ ਗਤੀਵਿਧੀਆਂ ਰੋਕਣ ਵਿਚ ਉਨ੍ਹਾਂ ਦੇ ਸੰਗਠਨ ਦੀ ਕੋਈ ਭੂਮਿਕਾ ਨਹੀਂ ਹੁੰਦੀ। ਉਨ੍ਹਾਂ ਦਾ ਮੁੱਖ ਮੰਤਵ ਸਾਈਬਰ ਅਪਰਾਧੀਆਂ, ਡਰੱਗ ਡੀਲਰਾਂ ਤੇ ਬੱਚਿਆਂ ਦਾ ਸ਼ੋਸ਼ਣ ਕਰਨ ਵਾਲਿਆਂ ’ਤੇ ਨਿਗਰਾਨੀ ਰੱਖਣਾ ਹੁੰਦਾ ਹੈ। ਸਟੌਕ ਨੇ ਕਿਹਾ ਕਿ ਇੰਟਰਪੋਲ ਹੱਤਿਆਰਿਆਂ ਤੇ ਜਬਰ-ਜਨਾਹ ਦੇ ਦੋਸ਼ੀਆਂ ਨੂੰ ਵੀ ਕਾਬੂ ਕਰਦੀ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ‘ਰੈੱਡ ਨੋਟਿਸ ਇਕ ਕੌਮਾਂਤਰੀ ਗ੍ਰਿਫ਼ਤਾਰੀ ਵਾਰੰਟ ਹੁੰਦਾ ਹੈ ਤੇ ਇੰਟਰਪੋਲ ਕਿਸੇ ਮੈਂਬਰ ਮੁਲਕ ਉਤੇ ਅਜਿਹੇ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਦਬਾਅ ਨਹੀਂ ਬਣਾ ਸਕਦੀ ਜਿਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਹੋਵੇ।’ ਉਨ੍ਹਾਂ ਨਾਲ ਹੀ ਕਿਹਾ ਕਿ ਮਹਾਸਭਾ ਦੌਰਾਨ ਇੰਟਰਪੋਲ ਤਾਇਵਾਨ ਨੂੰ ਆਬਜ਼ਰਵਰ ਦਾ ਦਰਜਾ ਨਹੀਂ ਦੇ ਸਕਦੀ ਜਦਕਿ ਤਾਇਵਾਨ ਨੇ ਇੰਟਰਪੋਲ ਤੋਂ ਇਹ ਦਰਜਾ ਮੰਗਿਆ ਸੀ। ਉਹ ਆਪਣੀ ਸ਼ਮੂਲੀਅਤ ਨੂੰ ਅਰਥਪੂਰਨ ਬਣਾਉਣਾ ਚਾਹੁੰਦੇ ਸਨ। -ਪੀਟੀਆਈ