ਬਰਾਕਪੁਰ/ਟਿਹੱਟਾ, 18 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਮੰਗ ਕੀਤੀ ਕਿ ਕੋਵਿਡ-19 ਦੀ ਦੂਜੀ ਲਹਿਰ ਨਾਲ ਸਿੱਝਣ ’ਚ ਨਾਕਾਮ ਰਹਿਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹੁਦੇ ਤੋਂ ਅਸਤੀਫ਼ਾ ਦੇਣ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਲਾਗ ਦੇ ਵੱਧ ਰਹੇ ਕੇਸਾਂ ਨੂੰ ਠੱਲ੍ਹਣ ਦੀ ਯੋਜਨਾ ਬਣਾਉਣ ’ਚ ਨਾਕਾਮ ਰਹੇ ਹਨ। ਉਨ੍ਹਾਂ ਸੂਬੇ ’ਚ ਕਰੋਨਾ ਦੇ ਬੇਕਾਬੂ ਹੋਣ ਲਈ ਭਾਜਪਾ ਦੇ ਬਾਹਰ ਤੋਂ ਪ੍ਰਚਾਰ ਕਰਨ ਆਏ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ। ਚੋਣ ਕਮਿਸ਼ਨ ਦੇ ਪੱਖਪਾਤੀ ਰਵੱਈਏ ਦੀ ਆਲੋਚਨਾ ਕਰਦਿਆਂ ਮਮਤਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਉਸ ਦੇ ਪ੍ਰਚਾਰ ’ਤੇ ਪੂਰੇ ਇਕ ਦਿਨ ਦੀ ਪਾਬੰਦੀ ਲਾਈ ਅਤੇ ਹੁਣ ਆਖਰੀ ਤਿੰਨ ਗੇੜਾਂ ’ਚ ਪ੍ਰਚਾਰ ਦੇ ਸਮੇਂ ’ਚ ਚਾਰ ਦਿਨ ਦੀ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਉਹ ਦੱਖਣੀ ਬੰਗਾਲ ਦੇ ਜ਼ਿਲ੍ਹਿਆਂ ’ਚ 20 ਰੈਲੀਆਂ ਨੂੰ ਸੰਬੋਧਨ ਨਹੀਂ ਕਰ ਸਕੇਗੀ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਪੰਜ-ਛੇ ਮਹੀਨੇ ਪਹਿਲਾਂ ਜਦੋਂ ਵਾਇਰਸ ਕਾਬੂ ਹੇਠ ਸੀ ਤਾਂ ਮੋਦੀ ਨੇ ਉਸ ਸਮੇਂ ਮੈਡੀਕਲ ਆਕਸੀਜਨ ਅਤੇ ਵੈਕਸੀਨ ਸਪਲਾਈ ਦੇ ਸੰਕਟ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕੌਮਾਂਤਰੀ ਪੱਧਰ ’ਤੇ ਆਪਣੀ ਭੱਲ੍ਹ ਬਣਾਉਣ ਲਈ ਪ੍ਰਧਾਨ ਮੰਤਰੀ ਨੇ ਹੋਰ ਮੁਲਕਾਂ ਨੂੰ ਵੈਕਸੀਨ ਭੇਜੀ ਜਦਕਿ ਆਪਣੇ ਮੁਲਕ ’ਚ ਇਸ ਦੀ ਭਾਰੀ ਕਮੀ ਸੀ। ‘ਭਾਜਪਾ ਗੁਜਰਾਤ ਤੱਕ ’ਚ ਕੋਵਿਡ ਨਾਲ ਨਹੀਂ ਨਜਿੱਠ ਸਕੀ ਅਤੇ ਉਸ ਨੇ ਪੱਛਮੀ ਬੰਗਾਲ ਸਮੇਤ ਪੂਰੇ ਮੁਲਕ ਨੂੰ ਘੋਰ ਸੰਕਟ ਦੇ ਮੁਕਾਮ ’ਤੇ ਲਿਆ ਕੇ ਛੱਡ ਦਿੱਤਾ।’ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਨੇ ਸੂਬੇ ਦੇ ਹਰੇਕ ਵਿਅਕਤੀ ਨੂੰ ਮੁਫ਼ਤ ’ਚ ਕਰੋਨਾ ਤੋਂ ਬਚਾਅ ਦਾ ਟੀਕਾ ਲਾਉਣ ਲਈ ਪ੍ਰਧਾਨ ਮੰਤਰੀ ਤੋਂ 5.4 ਕਰੋੜ ਖੁਰਾਕਾਂ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਅਜੇ ਤੱਕ ਇਸ ਦਾ ਕੋਈ ਜਵਾਬ ਨਹੀਂ ਮਿਲਿਆ ਹੈ। ‘ਪੂਰੇ ਮੁਲਕ ’ਚ ਆਕਸੀਜਨ ਅਤੇ ਰੈਮਡੇਸਿਵਿਰ ਦਵਾਈ ਦੀ ਘਾਟ ਹੈ। ਇਸ ਲਈ ਕੌਣ ਜ਼ਿੰਮੇਵਾਰ ਹੈ? ਜੇਕਰ ਉਨ੍ਹਾਂ ਸਹਿਮਤੀ ਦਿੱਤੀ ਹੁੰਦੀ ਤਾਂ ਸੂਬੇ ਦੇ ਹਰੇਕ ਨਾਗਰਿਕ ਨੂੰ ਟੀਕਾ ਲਗਾ ਦੇਣਾ ਸੀ।’ ਸ੍ਰੀ ਮੋਦੀ ’ਤੇ 80 ਮੁਲਕਾਂ ਨੂੰ ਵੈਕਸੀਨ ਭੇਜੇ ਜਾਣ ਦੇ ਦੋਸ਼ ਲਾਉਂਦਿਆਂ ਮਮਤਾ ਨੇ ਕਿਹਾ ਕਿ ਜੇਕਰ ਤੁਸੀਂ ਦੁਨੀਆ ’ਚ ਕਿਸੇ ਹੋਰ ਦੀ ਸਹਾਇਤਾ ਕਰਦੇ ਹੋ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ ਪਰ ਪਹਿਲਾਂ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬੰਗਾਲ ਅਤੇ ਹੋਰ ਸੂਬਿਆਂ ਨੂੰ ਵੈਕਸੀਨ ਮੁਹੱਈਆ ਕਰਵਾਓ। ਇਸ ਦੌਰਾਨ ਮਮਤਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਿਕ ਕੋਵਿਡ ਵੈਕਸੀਨ ਆਕਸੀਜਨ ਅਤੇ ਦਵਾਈ ਦੀ ਢੱੁਕਵੀਂ ਸਪਲਾਈ ਸੂਬੇ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਿਕ ਕਰੋਨਾ ਦੀ ਮੌਜੂਦਾ ਲਾਗ ਨਾਲ ਨਜਿੱਠਣ ਲਈ ਇਹ ਚੀਜ਼ਾਂ ਅਹਿਮ ਹਨ। ਉਨ੍ਹਾਂ ਸ਼ਿਕਾਇਤ ਕੀਤੀ ਿਕ ਉਨ੍ਹਾਂ ਦੀ ਸਰਕਾਰ ਇਹ ਖੁਰਾਕਾਂ ਸੂਬੇ ਦੇ ਫੰਡ ’ਚੋਂ ਖਰੀਦਣਾ ਚਾਹੁੰਦੀ ਸੀ ਪਰ ਕੇਂਦਰ ਤੋਂ ਕੋਈ ਪ੍ਰਵਾਨਗੀ ਨਹੀਂ ਮਿਲੀ। -ਪੀਟੀਆਈ