ਨਵੀਂ ਦਿੱਲੀ, 29 ਅਪਰੈਲ
ਦੇਸ਼ ’ਚ ਚੱਲ ਰਹੇ ਬਿਜਲੀ ਸੰਕਟ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੂੰ ‘ਨਫਰਤ ਦੇ ਬੁਲਡੋਜ਼ਰ’ ਰੋਕ ਕੇ ਪਾਵਰ ਪਲਾਂਟ ਚਲਾਉਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਅਤੇ ਇਸ ਦੇ ਲੋਕਾਂ ਦੀ ਕੋਈ ਪ੍ਰਵਾਹ ਹੈ ਕਿਉਂਕਿ ਦੇਸ਼ ਇਸ ਸਮੇਂ ਵੱਡੇ ਕੋਲਾ ਤੇ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਰਾਹੁਲ ਨੇ ਕਿਹਾ, ‘ਮੈਂ 20 ਅਪਰੈਲ 2022 ਨੂੰ ਵੀ ਮੋਦੀ ਸਰਕਾਰ ਨੂੰ ਨਫਰਤ ਦੇ ਬੁਲਡੋਜ਼ਰ ਰੋਕਣ ਤੇ ਦੇਸ਼ ’ਚ ਪਾਵਰ ਪਲਾਂਟ ਸ਼ੁਰੂ ਕਰਨ ਲਈ ਕਿਹਾ ਸੀ। ਅੱਜ ਕੋਲਾ ਤੇ ਬਿਜਲੀ ਸੰਕਟ ਨੇ ਸਾਰੇ ਦੇਸ਼ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ।’ ਰਾਹੁਲ ਨੇ ਕਿਹਾ, ‘ਮੈਂ ਫਿਰ ਕਹਿੰਦਾ ਹਾਂ ਕਿ ਇਹ ਸੰਕਟ ਛੋਟੀ ਸਨਅਤ ਨੂੰ ਤਬਾਹ ਕਰ ਦੇਵੇਗਾ ਜਿਸ ਕਾਰਨ ਬੇਰੁਜ਼ਗਾਰੀ ’ਚ ਵੱਡਾ ਵਾਧਾ ਹੋਵੇਗਾ। ਛੋਟੇ ਬੱਚੇ ਇਹ ਤਪਸ਼ ਨਹੀਂ ਝੱਲ ਸਕਣਗੇ। ਹਸਪਤਾਲਾਂ ’ਚ ਦਾਖਲ ਮਰੀਜ਼ਾਂ ਦੀ ਜਾਨ ਦਾਅ ’ਤੇ ਲੱਗੀ ਹੋਈ ਹੈ। ਰੇਲਾਂ ਤੇ ਮੈਟਰੋ ਸੇਵਾ ਰੁਕਣ ਨਾਲ ਦੇਸ਼ ਨੂੰ ਵਿੱਤੀ ਨੁਕਸਾਨ ਹੋਵੇਗਾ।’ ਰਾਹੁਲ ਨੇ ਆਪਣੀ ਫੇਸਬੁੱਕ ਪੋਸਟ ’ਚ ਸਵਾਲ ਕੀਤਾ, ‘ਮੋਦੀ ਜੀ ਕੀ ਤੁਹਾਨੂੰ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਕੋਈ ਫਿਕਰ ਨਹੀਂ ਹੈ।’ ਇਸੇ ਦੌਰਾਨ ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਦੋਸ਼ ਲਾਇਆ ਕਿ ਕੋਲਾ ਵੰਡ ’ਚ ਮੋਦੀ ਸਰਕਾਰ ਦੇ ਮਾੜੇ ਪ੍ਰਬੰੰਧਨ ਕਾਰਨ ਦੇਸ਼ ’ਚ ਇਹ ਬਿਜਲੀ ਸੰਕਟ ਖੜ੍ਹਾ ਹੋਇਆ ਹੈ। -ਪੀਟੀਆਈ