ਕੋਲਕਾਤਾ, 7 ਜੁਲਾਈ
ਦੇਸ਼ ਵਿੱਚ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਸ੍ਰੀ ਮੋਦੀ ਨੇ ‘ਦੇਸ਼ ਦੇ ਅਰਥਚਾਰੇ ਨੂੰ ਖਲਾਰ ਛੱਡਿਆ ਹੈ।’’ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ‘ਮਨ ਕੀ ਬਾਤ’ ਦੀ ਥਾਂ ‘ਪੈਟਰੋਲ ਤੇ ਵੈਕਸੀਨ ਕੀ ਬਾਤ’ ਕਰਨ। ਕੇਂਦਰੀ ਕੈਬਨਿਟ ’ਚ ਫੇਰਬਦਲ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਬਾਬੁਲ ਸੁਪ੍ਰੀਓ ਨੂੰ ਮੰਤਰੀ ਮੰਡਲ ’ਚੋਂ ਬਾਹਰ ਕਰਨ ਤੋਂ ਸਾਫ਼ ਹੈ ਕਿ ‘‘ਉਹ (ਭਾਜਪਾ ਸਰਕਾਰ) ਆਪਣੇ ਅੰਤ ਦੀ ਆਮਦ ਤੋਂ ਪਹਿਲਾਂ ਹੀ ਹਾਰ ਗਏ ਹਨ।’ ਬੀਬੀ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਵੱਲੋਂ ਲਿਖੇ ਕਿਸੇ ਇਕ ਪੱਤਰ ਦਾ ਜਵਾਬ ਨਹੀਂ ਦਿੱਤਾ। ਮਮਤਾ ਨੇ ਕਿਹਾ ਕਿ ਉਨ੍ਹਾਂ ਜਗਦੀਪ ਧਨਖੜ ਨੂੰ ਰਾਜਪਾਲ ਦੇ ਅਹੁਦੇ ਤੋਂ ਹਟਾਉਣ ਲਈ ਕਈ ਅਪੀਲਾਂ ਕੀਤੀਆਂ, ਪਰ ਇਸ ਬਾਰੇ ਕੁਝ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ, ‘ਪੂਰਾ ਅਰਥਚਾਰਾ ਢਹਿੰਦੀ ਕਲਾਂ ਵਿੱਚ ਹੈ। ਤੇਲ ਕੀਮਤਾਂ ਨਿੱਤ ਵਧ ਰਹੀਆਂ ਹੈ ਤੇ ਕੇਂਦਰ ਸਰਕਾਰ ਵਿਹਲੀ ਬੈਠੀ ਹੈ। ਸਾਡੇ ਪ੍ਰਧਾਨ ਮੰਤਰੀ ਸਿਰਫ਼ ‘ਮਨ ਕੀ ਬਾਤ’ ਵਿੱਚ ਰੁੱਝੇ ਹਨ। ਉਨ੍ਹਾਂ ਨੂੰ ਇਹ ਦੀ ਥਾਂ ਪੈਟਰੋਲ ਕੀ ਬਾਤ, ਡੀਜ਼ਲ ਕੀ ਬਾਤ ਤੇ ਵੈਕਸੀਨ ਕੀ ਬਾਤ ਕਰਨੀ ਚਾਹੀਦੀ ਹੈ।’’ -ਪੀਟੀਆਈ