ਨਵੀਂ ਦਿੱਲੀ, 21 ਜੂਨ
ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਜੂਨ ਨੂੰ ਪੰਜ ਦੇਸ਼ਾਂ ਦੇ ਸਮੂਹ ਬ੍ਰਿਕਸ ਦੇ ਵਰਚੁਅਲੀ ਸਾਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਚੀਨ ਮੌਜੂਦਾ ਸਾਲ ਲਈ ਸਮੂਹ ਦੇ ਪ੍ਰਧਾਨ ਵਜੋਂ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਦੁਨੀਆਂ ਦੇ ਪੰਜ ਸਭ ਤੋਂ ਵੱਡੇ ਵਿਕਾਸਸ਼ੀਲ ਦੇਸ਼ਾਂ ਦਾ ਗਰੁੱਪ ਹੈ, ਜੋ ਆਲਮੀ ਆਬਾਦੀ ਦੇ 41 ਫ਼ੀਸਦੀ, ਆਲਮੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ 24 ਫ਼ੀਸਦੀ ਅਤੇ ਆਲਮੀ ਵਪਾਰ ਦੇ 16 ਫ਼ੀਸਦੀ ਦੀ ਪ੍ਰਤੀਨਿਧਤਾ ਕਰਦਾ ਹੈ।