ਨਵੀਂ ਦਿੱਲੀ, 18 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਸਵੱਛ ਸਰਵੇਖਣ 2020’ ਦੇ ਪੰਜਵੇਂ ਸੈਸ਼ਨ ਦਾ ਨਤੀਜਾ ਵੀਰਵਾਰ ਨੂੰ ਐਲਾਨਣਗੇ। ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਬੁਲਾਰੇ ਰਾਜੀਵ ਜੈਨ ਨੇ ਦੱਸਿਆ ਕਿ 4242 ਸ਼ਹਿਰਾਂ, 62 ਕੈਂਟੋਨਮੈਂਟ ਬੋਰਡਾਂ ਅਤੇ 92 ਨਗਰਾਂ ਦੇ 1.87 ਕਰੋੜ ਨਾਗਿਰਕ ਇਸ ਸਰਵੇ ਵਿੱਚ ਹਿੱਸਾ ਲੈਣਗੇ। ਜੈਨ ਨੇ ਦੱਸਿਆ ਕਿ ‘ਸਵੱਛ ਮਹਾਉਤਸਵ’ ਦੌਰਾਨ ਸ਼ਾਨਦਾਰ ਕਾਰਗੁਜ਼ਾਰੀਆਂ ਵਾਲੇ ਸ਼ਹਿਰਾਂ ਅਤੇ ਸੂਬਿਆਂ ਨੂੰ ਕੁੱਲ 129 ਪੁਰਸਕਾਰ ਦਿੱਤੇ ਜਾਣਗੇ। ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ ਇਹ ਪ੍ਰੋਗਰਾਮ ਕਰਵਾ ਰਿਹਾ ਹੈ। ਸ੍ਰੀ ਜੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਸਵੱਛ ਭਾਰਤ ਮਿਸ਼ਨ-ਸ਼ਹਿਰੀ (ਐੱਸਬੀਐੱਮ-ਯੂ) ਦੇ ਲਾਭਪਾਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਵੀ ਕਰਨਗੇ। ਜ਼ਿਕਰਯੋਗ ਹੈ ਕਿ 28 ਦਿਨਾਂ ਵਿੱਚ ਮੁਕੰਮਲ ਹੋਏ ‘ਸਵੱਛ ਸਰਵੇਖਣ 2020’ ਲਈ 1.7 ਕਰੋੜ ਨਾਗਰਿਕਾਂ ਨੇ ਸਵੱਛਤਾ ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਡੀਡੀ ਨਿਊਜ਼ ਦੀ ਰਿਪੋਰਟ ਨੂੰ ਟੈਗ ਕਰਦਿਆਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਲ ਰਹੇ ਮੌਨਸੂਨ ਦੌਰਾਨ ਸਾਵਧਾਨੀਆਂ ਵਰਤਣ ਕਿਉਂਕਿ ਇਹ ਉਹ ਸਮਾਂ ਹੈ, ਜਦੋਂ ਖ਼ਤਰਨਾਕ ਬਿਮਾਰੀਆਂ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਵਚਨਬੱਧ ਹੈ।
-ਪੀਟੀਆਈ