ਨਵੀਂ ਦਿੱਲੀ, 4 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਗੁਜਰਾਤ ਦੇ ਕੇਵੜੀਆ ’ਚ ਕੰਬਾਈਨਡ ਕਮਾਂਡਰਜ਼ ਕਾਨਫਰੰਸ ਨੂੰ ਸੰਬੋਧਨ ਕਰਨਗੇ। ਪਹਿਲੀ ਵਾਰ ਜਵਾਨ ਅਤੇ ਜੇਸੀਓਜ਼ ਇਸ ਕਾਨਫਰੰਸ ’ਚ ਸ਼ਾਮਲ ਹੋਣਗੇ। ਅੱਜ ਤੋਂ ਸ਼ੁਰੂ ਹੋਈ ਕਾਨਫਰੰਸ ’ਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਾਣੇ, ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਰੱਖਿਆ ਮੰਤਰਾਲੇ ਤੇ ਹਥਿਆਰਬੰਦ ਬਲਾਂ ਦੇ ਹੋਰ ਅਧਿਕਾਰੀ ਵੀ ਹਾਜ਼ਰੀ ਭਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਕਾਨਫਰੰਸ ’ਚ ਹਾਜ਼ਰੀ ਲਵਾਉਣਗੇ। ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਆਪਣੇ ਸਵੀਡਿਸ਼ ਹਮਰੁਤਬਾ ਸਟੀਫਨ ਲੋਫਵੇਨ ਨਾਲ ਵਰਚੁਅਲੀ ਵਾਰਤਾ ਕਰਨਗੇ। -ਪੀਟੀਆਈ