ਨਵੀਂ ਦਿੱਲੀ, 17 ਅਪਰੈਲਕਾਂਗਰਸ ਨੇ ਅੱਜ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋਨਾਵਾਇਰਸ ਮਹਾਮਾਰੀ ਤੋਂ ਨਜਿੱਠਣ ਦੀ ਬਜਾਏ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਕਰ ਕੇ ਬੇਰੁਖੀ ਤੇ ਲਾਪ੍ਰਵਾਹੀ ਦਾ ਸਬੂਤ ਦੇ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦਿੱਲੀ ਵਿਚ ਰਹਿ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਮੁੱਖ ਮੰਤਰੀਆਂ ਦੇ ਨਾਲ ਤਾਲਮੇਲ ਬਣਾ ਕੇ ਕਰੋਨਾ ਤੋਂ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿਚ ਰਹਿ ਕੇ ਕਰੋਨਾ ਮਹਾਮਾਰੀ ਦੀ ਸਥਿਤੀ ਤੋਂ ਨਿਪਟਣ ਦੀ ਬਜਾਏ ਪੱਛਮੀ ਬੰਗਾਲ ਵਿਚ ਸਭਾਵਾਂ ਕਰ ਰਹੇ ਹਨ। ਉਨ੍ਹਾਂ ਵੱਲੋਂ ਇਹ ਹੈਰਾਨ ਕਰਨ ਵਾਲੀ ਬੇਰੁਖੀ ਦਿਖ ਰਹੀ ਹੈ।’’ ਸ੍ਰੀ ਚਿਦੰਬਰਮ ਨੇ ਕਿਹਾ, ‘‘ਮੈਂ ਆਸ ਕਰਦਾ ਹਾਂ ਕਿ ਪੱਛਮੀ ਬੰਗਾਲ ਦੇ ਲੋਕ ਇਸ ਦਾ ਨੋਟਿਸ ਲੈਣਗੇ ਅਤੇ ਮੋਦੀ ਨੂੰ ਹੈਰਾਨ ਕਰਨ ਵਾਲਾ ਜਵਾਬ ਦੇਣਗੇ।’’ ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਨੇ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ‘ਘੋਰ ਲਾਪ੍ਰਵਾਹੀ’ ਦਾ ਸਬੂਤ ਦੇ ਰਹੇ ਹਨ, ਜਿਸ ਲਈ ਜਨਤਾ ਉਨ੍ਹਾਂ ਨੂੰ ਸਬਕ ਸਿਖਾਏਗੀ।’’ -ਪੀਟੀਆਈ