ਨਵੀਂ ਦਿੱਲੀ, 22 ਜੂਨ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਲੱਦਾਖ਼ ਵਿੱਚ ਚੀਨ ਨਾਲ ਵਿਵਾਦ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲ ਹੀ ਵਿੱਚ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਨੂੰ ਆਪਣੇ ਬਿਆਨ ਨਾਲ ਚੀਨ ਦੇ ਸਾਜ਼ਿਸ਼ੀ ਰੁਖ਼ ਨੂੰ ਤਾਕਤ ਨਹੀਂ ਦੇਣੀ ਚਾਹੀਦੀ ਅਤੇ ਸਰਕਾਰ ਦੇ ਸਭਨਾਂ ਅੰਗਾਂ ਨਾਲ ਮਿਲ ਕੇ ਮੌਜੂਦਾ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਮਰਾਹਕੁੰਨ ਪ੍ਰਚਾਰ ਕਦੇ ਵੀ ਕੂਟਨੀਤੀ ਅਤੇ ਮਜ਼ਬੂਤ ਅਗਵਾਈ ਦਾ ਬਦਲ ਨਹੀਂ ਹੋ ਸਕਦਾ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਵਾਨਾਂ ਦਾ ਬਲਿਦਾਨ ਅਜਾਈਂ ਨਹੀਂ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਚੀਨ ਤਣਾਅ ਦੇ ਮੁੱਦੇ ’ਤੇ ਸ਼ੁੱਕਰਵਾਰ ਨੂੰ ਸੱਦੀ ਸਰਬ ਪਾਰਟੀ ਮੀਟਿੰਗ ਵਿੱਚ ਕਿਹਾ ਸੀ ਕਿ ਨਾ ਕੋਈ ਸਾਡੇ ਖੇਤਰ ਵਿੱਚ ਆਇਆ ਹੈ ਤੇ ਨਾ ਹੀ ਕਿਸੇ ਨੇ ਸਾਡੀ ਚੌਕੀ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦੇ ਇਸ ਬਿਆਨ ’ਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਸਰਬ ਪਾਰਟੀ ਮੀਟਿੰਗ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਦੀ ਕੁਝ ਹਲਕਿਆਂ ਵਿੱਚ ‘ਸ਼ਰਾਰਤੀ ਵਿਆਖਿਆ’ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ,‘‘ਅੱਜ ਅਸੀਂ ਇਤਿਹਾਸ ਦੇ ਇਕ ਨਾਜ਼ੁਕ ਮੋੜ ’ਤੇ ਖੜ੍ਹੇ ਹਾਂ। ਸਾਡੀ ਸਰਕਾਰ ਦੇ ਫੈਸਲੇ ਅਤੇ ਸਰਕਾਰ ਵੱਲੋਂ ਚੁੱਕੇ ਗਏ ਕਦਮ ਤੈਅ ਕਰਨਗੇ ਕਿ ਭਵਿੱਖ ਦੀਆਂ ਪੀੜ੍ਹੀਆਂ ਸਾਡਾ ਆਂਕਲਨ ਕਿਵੇਂ ਕਰਦੀਆਂ ਹਨ। ਜੋ ਮੁਲਕ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਦੇ ਮੋਢਿਆਂ ’ਤੇ ਕਰਤੱਬ ਦੀ ਅਹਿਮ ਜ਼ਿੰਮੇਵਾਰੀ ਹੈ।’’ ਉਨ੍ਹਾਂ ਕਿਹਾ ,‘‘ਇਹੀ ਸਮਾਂ ਹੈ ਜਦੋਂ ਪੂਰੇ ਮੁਲਕ ਨੂੰ ਇਕਜੁਟ ਹੋਣਾ ਹੈ ਅਤੇ ਸੰਗਠਿਤ ਹੋ ਕੇ ਇਸ ਹਿਮਾਕਤ ਦਾ ਜਵਾਬ ਦੇਣਾ ਹੈ।’’
ਸਾਬਕਾ ਪ੍ਰਧਾਨ ਮੰਤਰੀ ਦੀ ਸਲਾਹ ਮੰਨਣ ਮੋਦੀ: ਰਾਹੁਲ
ਮਨਮੋਹਨ ਸਿੰਘ ਦੇ ਬਿਆਨ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਸਲਾਹ ਮੰਨਣੀ ਚਾਹੀਦੀ ਹੈ। ਉਨ੍ਹਾਂ ਟਵੀਟ ਕੀਤਾ, ਸਾਬਕਾ ਪ੍ਰਧਾਨ ਮਨਮੋਹਨ ਸਿੰਘ ਜੀ ਨੇ ਮਹੱਤਵਪੂਰਨ ਸਲਾਹ ਦਿੱਤੀ ਹੈ। ਭਾਰਤ ਦੀ ਭਲਾਈ ਲਈ, ‘ਮੈਂ ਉਮੀਦ ਕਰਦਾ ਹਾਂ ਕਿ ਪ੍ਧਾਨ ਮੰਤਰੀ ਉਨ੍ਹਾਂ ਦੀ ਗੱਲ ਮੰਨਣਗੇ।’