ਨਵੀਂ ਦਿੱਲੀ, 11 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਜਾਦੂ ਬਾਰੇ ਦਿੱਤੇ ਗਏ ਬਿਆਨ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਅਜਿਹੀਆਂ ਵਹਿਮਾਂ-ਭਰਮਾਂ ਵਾਲੀਆਂ ਗੱਲਾਂ ਕਰਕੇ ਪ੍ਰਧਾਨ ਮੰਤਰੀ ਅਹੁਦੇ ਦੀ ਮਰਿਆਦਾ ਨੂੰ ਢਾਹ ਨਾ ਲਾਉਣ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਕਾਂਗਰਸ ਵੱਲੋਂ 5 ਅਗਸਤ ਨੂੰ ਮਹਿੰਗਾਈ ਖ਼ਿਲਾਫ਼ ਕਾਲੇ ਕੱਪੜੇ ਪਹਿਨ ਕੇ ਕੀਤੇ ਗਏ ਪ੍ਰਦਰਸ਼ਨ ’ਤੇ ਵਰ੍ਹਦਿਆਂ ਕਿਹਾ ਸੀ ਕਿ ਜਿਹੜੇ ਕਾਲੇ ਜਾਦੂ ’ਚ ਵਿਸ਼ਵਾਸ ਕਰਦੇ ਹਨ, ਉਹ ਲੋਕਾਂ ਦਾ ਦੁਬਾਰਾ ਭਰੋਸਾ ਹਾਸਲ ਨਹੀਂ ਕਰ ਸਕਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ’ਚ ਮਹਿੰਗਾਈ ਅਤੇ ਬੇਰੁਜ਼ਗਾਰੀ ਨਜ਼ਰ ਨਹੀਂ ਆਉਂਦੇ ਹਨ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਪ੍ਰਧਾਨ ਮੰਤਰੀ ਜੀ ਆਪਣੇ ਕਾਲੇ ਕਾਰਨਾਮਿਆਂ ਨੂੰ ਛਿਪਾਉਣ ਲਈ ਕਾਲੇ ਜਾਦੂ ਵਰਗੇ ਵਹਿਮਾਂ-ਭਰਮਾਂ ਬਾਰੇ ਗੱਲ ਕਰਕੇ ਦੇਸ਼ ਨੂੰ ਗੁਮਰਾਹ ਨਾ ਕਰੋ। ਤੁਹਾਨੂੰ ਲੋਕਾਂ ਦੇ ਮੁੱਦਿਆਂ ’ਤੇ ਜਵਾਬ ਦੇਣਾ ਹੀ ਪਵੇਗਾ।’’ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਖਦੇ ਹਨ ਕਿ ਜਿਨ੍ਹਾਂ ਕਾਲੇ ਕੱਪੜੇ ਪਹਿਨੇ, ਉਹ ਕਦੇ ਵੀ ਲੋਕਾਂ ਦਾ ਭਰੋਸਾ ਹਾਸਲ ਨਹੀਂ ਕਰ ਸਕਣਗੇ ਪਰ ਈ ਪੀ ਆਰ ਪੇਰਿਯਾਰ ਨੇ ਉਮਰ ਭਰ ਕਾਲੀ ਕਮੀਜ਼ ਪਹਿਨੀ ਅਤੇ ਤਾਮਿਲ ਨਾਡੂ ਦੇ ਲੋਕਾਂ ਦਾ ਪਿਆਰ ਹਾਸਲ ਕੀਤਾ ਸੀ। -ਪੀਟੀਆਈ