ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਕੱਢੀ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ’ਚ ਵਾਪਰੀ ਘਟਨਾ ਦੇ ਹਵਾਲੇ ਨਾਲ ਕਿਹਾ ਕਿ ਤਿਰੰਗੇ ਦੇ ‘ਨਿਰਾਦਰ’ ਤੋਂ ਦੇਸ਼ ਉਦਾਸ ਹੈ। ਆਪਣੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤੀ ਸੈਕਟਰ ਦੇ ‘ਆਧੁਨਿਕੀਕਰਨ’ ਲਈ ਦ੍ਰਿੜ੍ਹ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਕਈ ਕਦਮ ਪੁੱਟੇ ਹਨ ਤੇ ਅੱਗੋਂ ਵੀ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
ਆਪਣੇ ਮਾਸਿਕ ਪ੍ਰੋਗਰਾਮ ਦੇ 73ਵੇਂ ਸੰਬੋਧਨ ਦੌਰਾਨ ਉਨ੍ਹਾਂ ਕਿਹਾ, ‘ਦਿੱਲੀ ਵਿੱਚ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਦੇਖ ਕੇ ਦੇਸ਼ ਬਹੁਤ ਦੁਖੀ ਹੋਇਆ। ਅਸੀਂ ਆਉਣ ਵਾਲੇ ਸਮੇਂ ਨੂੰ ਨਵੀਂ ਆਸ਼ਾ ਤੇ ਨਵੀਨਤਾ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਅਸਧਾਰਨ ਸੰਜਮ ਤੇ ਸਾਹਸ ਦਿਖਾਇਆ। ਇਸ ਸਾਲ ਵੀ ਅਸੀਂ ਸਖ਼ਤ ਮਿਹਨਤ ਕਰਕੇ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੈ। ਆਪਣੇ ਦੇਸ਼ ਨੂੰ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਲਿਜਾਣਾ ਹੈ।’ ਉਨ੍ਹਾਂ ਬਜਟ ਇਜਲਾਸ ਦਾ ਜ਼ਿਕਰ ਕਰਦੇ ਹੋਏ ਦੇਸ਼ ਨੂੰ ਆਧੁਨਿਕੀਕਰਨ ਵੱਲ ਲਿਜਾਣ ਦਾ ਅਹਿਦ ਲਿਆ। ਉਨ੍ਹਾਂ ਭਾਰਤ ਵਿੱਚ ਚੱਲ ਰਹੀ ਕਰੋਨਾ ਟੀਕਾਕਰਨ ਮਸ਼ਕ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਨੇ ਨਾ ਸਿਰਫ਼ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ, ਬਲਕਿ ਆਪਣੇ ਨਾਗਰਿਕਾਂ ਨੂੰ ਸਭ ਤੋਂ ਤੇਜ਼ ਦਰ ਨਾਲ ਟੀਕੇ ਵੀ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੇ 15 ਦਿਨਾਂ ਵਿੱਚ 30 ਲੱਖ ਤੋਂ ਵੱਧ ਕਰੋਨਾ ਯੋਧਿਆਂ ਦਾ ਟੀਕਾਕਰਨ ਕੀਤਾ ਹੈ ਜਦੋਂਕਿ ਅਮਰੀਕਾ ਤੇ ਯੂਕੇ ਨੂੰ ਇਹ ਅੰਕੜਾ ਸਰ ਕਰਨ ਲਈ ਕ੍ਰਮਵਾਰ 18 ਤੇ 36 ਦਨ ਲੱਗੇ ਸੀ। ਉਨ੍ਹਾਂ ਆਤਮਨਿਰਭਰ ਭਾਰਤ ਮੁਹਿੰਮ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਇਸ ਸਾਲ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤੇ ਅੰਮ੍ਰਿਤ ਮਹਾਉਤਸਵ ਸ਼ੁਰੂ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਸਾਡੇ ਉਨ੍ਹਾਂ ਮਹਾਨਾਇਕਾਂ ਨਾਲ ਜੁੜੀਆਂ ਸਥਾਨਕ ਥਾਵਾਂ ਦਾ ਪਤਾ ਲਾਉਣ ਦਾ ਬਿਹਤਰੀਨ ਸਮਾਂ ਹੈ, ਜਿਨ੍ਹਾਂ ਕਰਕੇ ਸਾਨੂੰ ਆਜ਼ਾਦੀ ਮਿਲੀ ਹੈ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਬਾਰੇ ਤੇ ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ਖਾਸ ਕਰਕੇ ਆਪਣੇ ਇਲਾਕਿਆਂ ਦੀਆਂ ਸੁਤੰਤਰਤਾ ਸੰਗਰਾਮ ਦੇ ਦੌਰ ਦੀਆਂ ਬੀਰ ਗਾਥਾਵਾਂ ਬਾਰੇ ਕਿਤਾਬਾਂ ਲਿਖਣ ਦਾ ਸੱਦਾ ਵੀ ਦਿੱਤਾ।
‘ਸੰਸਾਰ ਦੀਆਂ ਸਮੱਸਿਆਵਾਂ ਦੇ ਹੱਲ ਕੱਢ ਰਿਹੈ ਭਾਰਤ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਪ੍ਰਬੁੱਧ ਭਾਰਤ’ ਰਸਾਲੇ ਦੀ 125ਵੀਂ ਵਰ੍ਹੇਗੰਢ ਮੌਕੇ ਕਿਹਾ ਕਿ ਭਾਰਤ ਸੰਸਾਰ ਦੀਆਂ ਸਮੱਸਿਆਵਾਂ ਦੇ ਹੱਲ ਮੁਹੱਈਆ ਕਰਵਾ ਰਿਹਾ ਹੈ। ਇਸ ਲਈ ਉਨ੍ਹਾਂ ਮਹਾਮਾਰੀ ਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦਾ ਹਵਾਲਾ ਦਿੱਤਾ। ਸਵਾਮੀ ਵਿਵੇਕਾਨੰਦ ਵੱਲੋਂ ਸ਼ੁਰੂ ਕੀਤੇ ਗਏ ਰਸਾਲੇ ਦੀ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਦੀ ਭਲਾਈ ਲਈ ਯਤਨ ਕੀਤੇ ਜਾ ਰਹੇ ਹਨ। -ਪੀਟੀਆਈ